ਪਿੰਡ ਜ਼ਮੀਨੀ ਝਗੜੇ ਦੌਰਾਨ ਹਿੰਸਕ ਝੜਪ, 11 ਵਿਅਕਤੀ ਗ੍ਰਿਫ਼ਤਾਰ

Wednesday, Apr 09, 2025 - 05:27 PM (IST)

ਪਿੰਡ ਜ਼ਮੀਨੀ ਝਗੜੇ ਦੌਰਾਨ ਹਿੰਸਕ ਝੜਪ, 11 ਵਿਅਕਤੀ ਗ੍ਰਿਫ਼ਤਾਰ

ਦੋਰਾਹਾ (ਵਿਨਾਇਕ) : ਪਿੰਡ ਚਣਕੋਈਆਂ ਖੁਰਦ 'ਚ 14-15 ਕਿੱਲੇ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਝਗੜੇ ਨੇ ਉਸ ਸਮੇਂ ਹਿੰਸਕ ਰੂਪ ਧਾਰ ਲਿਆ, ਜਦੋਂ ਹਥਿਆਰਬੰਦ 30 ਦੇ ਕਰੀਬ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ, ਭੰਨਤੋੜ ਅਤੇ ਕੁੱਟਮਾਰ ਕਰਦਿਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ 'ਚ ਖੰਨਾ ਦੇ ਐੱਸ. ਐੱਸ. ਪੀ. ਡਾ. ਜਯੋਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ. ਪੀ (ਆਈ) ਪਵਨਜੀਤ ਚੌਧਰੀ, ਡੀ. ਐੱਸ. ਪੀ. ਪਾਇਲ ਹੇਮੰਤ ਮਲਹੋਤਰਾ, ਅਤੇ ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਦੋਰਾਹਾ ਪੁਲਸ ਨਾਲ ਮਿਲ ਕੇ 11 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਬਾਅਦ ਵਿੱਚ ਮੁਲਜ਼ਮਾਂ ਦੀ ਪਛਾਣ ਨਰਿੰਦਰ ਸਿੰਘ ਉਰਫ਼ ਲੱਕੀ, ਸਿਮਰਨਜੀਤ ਸਿੰਘ ਉਰਫ਼ ਗੱਗੀ, ਅਰਸ਼ਦੀਪ ਸਿੰਘ, ਗੁਰਵਿੰਦਰ ਸਿੰਘ ਉਰਫ਼ ਪ੍ਰਿੰਸ, ਸਨੀ, ਹਰਮਨ ਸਿੰਘ ਉਰਫ਼ ਰੋਹਿਤ, ਗੁਰਪ੍ਰੀਤ ਸਿੰਘ ਉਰਫ਼ ਗੱਗੀ, ਸਤਪਾਲ ਸਿੰਘ ਉਰਫ਼ ਬਨੀ, ਜਸ਼ਨਦੀਪ ਸਿੰਘ ਉਰਫ਼ ਬਿੱਲਾ, ਸੰਜੋਪ੍ਰੀਤ ਸਿੰਘ, ਗੁਰਚਰਨ ਸਿੰਘ ਉਰਫ਼ ਬਿੱਲਾ ਵਜੋਂ ਹੋਈ ਹੈ। 

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਆਈ) ਪਵਨਜੀਤ ਚੌਧਰੀ, ਡੀ. ਐੱਸ. ਪੀ ਪਾਇਲ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਬਲਜੀਤ ਸਿੰਘ ਵਾਸੀ ਪਿੰਡ ਚਣਕੋਈਆਂ ਖੁਰਦ ਨੇ ਪੁਲਸ ਪਾਸ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਪਿੰਡ ਚਣਕੋਈਆ ਖੁਰਦ 'ਚ ਕਰੀਬ 14-15 ਕਿੱਲੇ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਉਹ ਕਰੀਬ 20 ਸਾਲਾਂ ਤੋਂ ਇਸ ਜ਼ਮੀਨ ’ਤੇ ਕਾਬਜ਼ ਹਨ। 8 ਅਪ੍ਰੈਲ ਨੂੰ ਬਾਅਦ ਦੁਪਹਿਰ 3:30 ਵਜੇ ਉਹ ਆਪਣੇ ਪਰਿਵਾਰ ਸਮੇਤ ਆਪਣੀ ਮੋਟਰ 'ਤੇ ਖੇਤ 'ਚ ਮੌਜੂਦ ਸਨ ਅਤੇ ਕਣਕ ਦੀ ਫ਼ਸਲ ਦੀ ਰਾਖੀ ਬੈਠੇ ਹੋਏ ਸਨ। ਇਸ ਦੌਰਾਨ ਹਮਲਾਵਰ ਰਵੀ ਰਾਜਗੜ੍ਹ (ਗੈਂਗਸਟਰ) ਅਤੇ ਯਾਦਵਿੰਦਰ ਸਿੰਘ ਉਰਫ਼ ਯਾਦੂ ਘੁਡਾਣੀ ਦੀ ਅਗਵਾਈ ਹੇਠ ਮੋਟਰਸਾਈਕਲਾਂ ਤੇ ਕਾਰਾਂ ‘ਚ ਆ ਕੇ ਹਵਾਈ ਫਾਇਰ ਕਰਦੇ ਹੋਏ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਲੱਗੇ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਕੁੱਟ ਮਾਰ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਹਮਲਾਵਰਾਂ ‘ਚ ਨਰਿੰਦਰ ਸਿੰਘ ਉਰਫ਼ ਲੱਕੀ ਵਾਸੀ ਦੋਰਾਹਾ, ਸਿਮਰਨਜੀਤ ਸਿੰਘ ਉਰਫ਼ ਗੱਗੀ ਵਾਸੀ ਪਿੰਡ ਕਾਉਂਕੇ ਕਲਾ, ਅਰਸ਼ਦੀਪ ਸਿੰਘ ਵਾਸੀ ਕੂੰਮਕਲਾ, ਗੁਰਵਿੰਦਰ ਸਿੰਘ ਉਰਫ਼ ਪ੍ਰਿੰਸ ਵਾਸੀ ਬੇਲਾ, ਸਨੀ ਵਾਸੀ ਸਮਰਾਲਾ, ਚੇਅਰਮੈਨ ਬੂਟਾ ਸਿੰਘ ਰਾਣੋ, ਸਾਦਿਕ ਵਾਸੀ ਸਮਰਾਲਾ ਅਤੇ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਸਨ, ਨੇ ਆਪਣੇ ਮੂੰਹ ਬੰਨੇ ਹੋਏ ਸਨ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਅਤੇ ਮੌਕੇ ‘ਤੇ ਮੌਜੂਦ ਮਰਦਾਂ ਅਤੇ ਔਰਤਾਂ ਦੀ ਕੁੱਟਮਾਰ ਕੀਤੀ। ਇਸ ‘ਤੇ ਪੁਲਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਤਿੰਨ ਖ਼ਿਲਾਫ਼ ਪਹਿਲਾਂ ਤੋਂ ਹੀ ਵੱਖ-ਵੱਖ ਥਾਣਿਆਂ ਵਿੱਚ ਗੰਭੀਰ ਮਾਮਲੇ ਦਰਜ ਹਨ। ਪੁਲਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਪੁਲਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਵਰਤੇ ਗਏ ਹਥਿਆਰ ਅਤੇ ਵਾਹਨ ਬਰਾਮਦ ਕੀਤੇ ਜਾ ਰਹੇ ਹਨ ਅਤੇ ਇਸ ਮਾਮਲੇ ‘ਚ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
 


author

Babita

Content Editor

Related News