ਮੌਤ ਦੇ ਆਗੋਸ਼ 'ਚ ਗਿਆਂ ਨੇ ਆਖ਼ਰੀ ਸਾਹਾਂ 'ਤੇ ਅਟਕਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ, ਪੜ੍ਹੋ ਪੂਰੀ ਖ਼ਬਰ

Friday, Dec 09, 2022 - 01:08 PM (IST)

ਮੌਤ ਦੇ ਆਗੋਸ਼ 'ਚ ਗਿਆਂ ਨੇ ਆਖ਼ਰੀ ਸਾਹਾਂ 'ਤੇ ਅਟਕਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ (ਪਾਲ) : ਇਸ ਦੁਨੀਆ 'ਚ ਜਦੋਂ ਕਿਸੇ ਵਿਅਕਤੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਗਮ 'ਚ ਪੂਰਾ ਪਰਿਵਾਰ ਟੁੱਟ ਕੇ ਚੂਰ ਹੋ ਜਾਂਦਾ ਹੈ ਪਰ ਮੌਤ ਦੇ ਆਗੋਸ਼ 'ਚ ਵਾਲੇ 3 ਨੌਜਵਾਨਾਂ ਨੇ ਆਖ਼ਰੀ ਸਾਹਾਂ 'ਤੇ ਅਟਕੇ ਹੋਏ 11 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੇ ਜੋ ਕੀਤਾ ਹੈ, ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਨ੍ਹਾਂ ਪਰਿਵਾਰਾਂ ਨੇ ਮ੍ਰਿਤਕ ਮੈਂਬਰਾਂ ਦੇ ਅੰਗਦਾਨ ਕਰਕੇ ਜ਼ਿੰਦਗੀ ਦਾ ਸਭ ਤੋਂ ਵੱਡਾ ਪੁੰਨ ਖੱਟਿਆ ਹੈ। ਜਾਣਕਾਰੀ ਮੁਤਾਬਕ ਪੀ. ਜੀ. ਆਈ. 'ਚ ਤਿੰਨ ਬ੍ਰੇਨ ਡੈੱਡ ਨੌਜਵਾਨਾਂ ਦੇ ਅੰਗਦਾਨ ਹੋਏ ਹਨ, ਜਿਸ ਕਾਰਨ 11 ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਇਨ੍ਹਾਂ 'ਚੋਂ ਇਕ 22 ਸਾਲਾ ਨਮਨ ਦਾ ਦਿਲ ਗ੍ਰੀਨ ਕੋਰੀਡੋਰ ਬਣਾ ਕੇ 2500 ਕਿਲੋਮੀਟਰ ਦੂਰ ਚੇੱਨਈ ਦੇ ਹਸਪਤਾਲ ਨਾਲ ਸ਼ੇਅਰ ਹੋਇਆ ਹੈ, ਜਿੱਥੇ ਇਕ 13 ਸਾਲਾ ਬੱਚੀ ਦਾ ਦਿਲ ਟਰਾਂਸਪਲਾਂਟ ਹੋਇਆ ਹੈ। ਪੰਚਕੂਲਾ ਦੇ ਸੈਕਟਰ-3 ਦੇ ਰਹਿਣ ਵਾਲੇ ਨਮਨ ਨੂੰ ਸੜਕ ਹਾਦਸੇ 'ਚ ਜ਼ਖਮੀ ਹੋਣ ਤੋਂ ਬਾਅਦ ਪੀ. ਜੀ. ਆਈ. ਐਮਰਜੈਂਸੀ 'ਚ ਲਿਆਂਦਾ ਗਿਆ। ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ। ਦੋ ਹਫ਼ਤਿਆਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ 5 ਦਸੰਬਰ ਨੂੰ ਨਮਨ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਆਈ ਇਕ ਹੋਰ ਖ਼ਬਰ, ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

ਪਿਤਾ ਸੇਵਾਰਾਮ ਅਤੇ ਪਤਨੀ ਈਸ਼ਾ ਨੇ ਨਮਨ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਮਰੀਜ਼ ਦਾ ਦਿਲ, ਗੁਰਦਾ ਅਤੇ ਕਾਰਨੀਆ ਦਾਨ ਕਰ ਦਿੱਤਾ ਗਿਆ ਹੈ ਪਰ ਨੌਜਵਾਨ ਦਾ ਦਿਲ ਪੀ. ਜੀ. ਆਈ. 'ਚ ਕਿਸੇ ਮਰੀਜ਼ ਨਾਲ ਮੈਚ ਨਹੀਂ ਹੋਇਆ, ਜਿਸ ਤੋਂ ਬਾਅਦ ਚੇੱਨਈ ਦੇ ਐੱਮ. ਜੀ. ਐੱਮ. ਹਸਪਤਾਲ 'ਚ ਇਕ ਮਰੀਜ਼ ਨਾਲ ਮੈਚ ਹੋਇਆ। ਪੀ. ਜੀ. ਆਈ. ਤੋਂ ਮੋਹਾਲੀ ਏਅਰਪੋਰਟ ਤੱਕ 22 ਮਿੰਟਾਂ 'ਚ ਗ੍ਰੀਨ ਕੋਰੀਡੋਰ ਬਣਾਇਆ ਗਿਆ ਅਤੇ ਦਿਲ ਦੁਪਹਿਰ 3.25 ਵਜੇ ਵਿਸਤਾਰਾ ਏਅਰਲਾਈਜ਼ ਦੀ ਫਲਾਈਟ ਰਾਹੀਂ 8.30 ਵਜੇ ਚੇੱਨਈ ਹਵਾਈ ਅੱਡੇ ’ਤੇ ਪਹੁੰਚਿਆ। ਇੱਥੋਂ ਗ੍ਰੀਨ ਕੋਰੀਡੋਰ ਬਣਾ ਕੇ ਦਿਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ 13 ਸਾਲਾ ਬੱਚੀ ਨੂੰ ਦਿਲ ਟਰਾਂਸਪਲਾਂਟ ਕੀਤਾ ਗਿਆ ਹੈ। ਜਦੋਂਕਿ ਕਿਡਨੀ ਅਤੇ ਕਾਰਨੀਆ ਪੀ. ਜੀ. ਆਈ. 'ਚ ਹੀ ਮਰੀਜ਼ਾਂ ਨੂੰ ਟਰਾਂਸਪਲਾਂਟ ਕੀਤਾ ਗਿਆ ਹੈ। ਇਸ ਸਾਲ ਹੁਣ ਤੱਕ ਪੀ. ਜੀ. ਆਈ. 39 ਬ੍ਰੇਨ ਡੈੱਡ ਮਰੀਜ਼ਾਂ ਦੇ ਅੰਗ ਟਰਾਂਸਪਲਾਂਟ ਕਰ ਚੁੱਕਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ਦੀ ਤਿਆਰੀ, ਸਰਾਰੀ ਸਣੇ ਕਈ ਹੋਰ ਵਜ਼ੀਰਾਂ ਦੀ ਹੋ ਸਕਦੀ ਹੈ ਛੁੱਟੀ
10 ਅੰਗ ਪੀ. ਜੀ. ਆਈ. ’ਚ ਹੋਏ ਟਰਾਂਸਪਲਾਂਟ
22 ਨਵੰਬਰ ਨੂੰ ਪਿੰਡ ਲੋਧੀਪੁਰ ਦਾ ਰਹਿਣ ਵਾਲਾ 20 ਸਾਲਾ ਅਮਨਦੀਪ ਸਿੰਘ ਵੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਅਮਨਦੀਪ 11 ਦਿਨ ਵੈਂਟੀਲੇਟਰ ’ਤੇ ਰਿਹਾ ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਬਚ ਨਾ ਸਕਿਆ। ਸਾਰੇ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ 3 ਦਸੰਬਰ ਨੂੰ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ ਸੀ। ਪਿਤਾ ਕੁਲਦੀਪ ਸਿੰਘ ਨੇ ਪੁੱਤਰ ਦਾ ਗੁਰਦਾ ਅਤੇ ਕਾਰਨੀਆ ਪੀ. ਜੀ. ਆਈ. 'ਚ ਦਾਨ ਕੀਤਾ। ਉੱਥੇ ਹੀ ਪਟਿਆਲਾ ਦੇ ਰਹਿਣ ਵਾਲੇ 28 ਸਾਲਾ ਬਲਜਿੰਦਰ ਸਿੰਘ ਨੂੰ ਬ੍ਰੇਨ ਡੈੱਡ ਹੋਣ ਤੋਂ ਬਾਅਦ ਉਸਦੀ ਕਿਡਨੀ ਪੀ. ਜੀ. ਆਈ. 'ਚ ਦਾਨ ਹੋਈ।

ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਮੰਤਰੀ ਨੇ ਬੱਚਿਆਂ ਸਣੇ ਮੋਹ ਲਿਆ ਅਧਿਆਪਕਾਂ ਦਾ ਮਨ, ਤਸਵੀਰਾਂ ਦੇਖ ਤੁਸੀਂ ਵੀ ਖ਼ੁਸ਼ ਹੋ ਜਾਵੋਗੇ
ਦੂਜਿਆਂ ਲਈ ਰੋਲ ਮਾਡਲ ਹਨ ਇਹੋ ਜਿਹੇ ਪਰਿਵਾਰ
ਪੀ. ਜੀ. ਆਈ. ਐੱਮ. ਐੱਸ. ਅਤੇ ‘ਰੋਟੋ’ ਦੇ ਨੋਡਲ ਅਫ਼ਸਰ ਪ੍ਰੋ. ਵਿਪਨ ਕੌਸ਼ਲ ਨੇ ਕਿਹਾ ਕਿ ਇਹੋ ਜਿਹੇ ਦਾਨੀ ਪਰਿਵਾਰ ਦੂਜਿਆਂ ਲਈ ਰੋਲ ਮਾਡਲ ਹਨ। ਲੱਗਦਾ ਹੈ ਕਿ ਅਸੀਂ ਜਾਗਰੂਕਤਾ ਪੈਦਾ ਕਰ ਕੇ ਇਕ ਲੰਬਾ ਸਫ਼ਰ ਤੈਅ ਕੀਤਾ ਹੈ। ਟਰਾਂਸਪਲਾਂਟ ਕੋਆਰਡੀਨੇਟਰ ਇਸ ਪੂਰੀ ਪ੍ਰਕਿਰਿਆ 'ਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਜੋ ਲੋਕਾਂ ਨੂੰ ਅੰਗ ਦਾਨ ਸਬੰਧੀ ਜਾਗਰੂਕ ਕਰਦੇ ਹਨ। ਸਾਡੇ ਕੋ-ਆਰਡੀਨੇਟਰ ਬਹੁਤ ਵਧੀਆ ਕੰਮ ਕਰ ਰਹੇ ਹਨ। ਜੇਕਰ ਅੰਗ ਪ੍ਰਾਪਤ ਕਰਨ ਵਾਲਿਆਂ ਦੇ ਪਰਿਵਾਰਾਂ ਦੀ ਗੱਲ ਮੰਨ ਲਈ ਜਾਵੇ ਤਾਂ ਅਸੀਂ ਦਾਨੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਜੀਵਨ ਭਰ ਅਹਿਸਾਨ ਨਹੀਂ ਚੁਕਾ ਸਕਦੇ। ਜੇਕਰ ਇਸ ਸਮੇਂ ਅੰਗ ਨਾ ਮਿਲਿਆ ਹੁੰਦਾ ਤਾਂ ਸਾਨੂੰ ਨਹੀਂ ਲੱਗਦਾ ਕਿ ਉਹ ਜ਼ਿਆਦਾ ਦੇਰ ਜ਼ਿੰਦਾ ਰਹਿੰਦਾ। ਜਿਹੜੇ ਲੋਕਾਂ ਨੂੰ ਅੰਗ ਮਿਲੇ ਹਨ, ਉਹ ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ਸਨ। ਜੇਕਰ ਉਨ੍ਹਾਂ ਨੂੰ ਅੰਗ ਨਾ ਮਿਲੇ ਹੁੰਦੇ ਤਾਂ ਸ਼ਾਇਦ ਹੀ ਉਹ ਜਿਊਂਦੇ ਰਹਿੰਦੇ।
ਪਰਿਵਾਰਾਂ ਦੇ ਇਸ ਜਜ਼ਬੇ ਅਤੇ ਫ਼ੈਸਲੇ ਨੂੰ ਸਲਾਮ
ਇਨ੍ਹਾਂ ਪਰਿਵਾਰਾਂ ਦੇ ਜਜ਼ਬੇ ਅਤੇ ਫ਼ੈਸਲੇ ਨੂੰ ਸਲਾਮ ਕਰਦਿਆਂ ਡਾਇਰੈਕਟਰ ਪੀ. ਜੀ. ਆਈ. ਡਾ. ਵਿਵੇਕ ਲਾਲ ਨੇ ਕਿਹਾ ਕਿ ਇਨ੍ਹਾਂ ਨੇ ਇੰਨਾ ਵੱਡਾ ਫ਼ੈਸਲਾ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਪੀ. ਜੀ. ਆਈ. ਟੀਮ ਦਾ ਵੀ ਇਸ 'ਚ ਵੱਡਾ ਯੋਗਦਾਨ ਹੈ, ਜਿਸ ਨੇ ਇਨ੍ਹਾਂ ਲੋਕਾਂ ਦੇ ਅੰਗ ਟਰਾਂਸਪਲਾਂਟ ਕੀਤੇ ਹਨ। ਜਿਹੜੇ ਲੋੜਵੰਦਾਂ ਨੂੰ ਅੰਗ ਟਰਾਂਸਪਲਾਂਟ ਕੀਤੇ ਗਏ ਹਨ, ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਸੀ ਅਤੇ ਉਹ ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ਸਨ। ਉਮੀਦ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਲੋਕ ਜਾਗਰੂਕ ਹੋ ਕੇ ਅੰਗਦਾਨ ਲਈ ਅੱਗੇ ਆਉਣਗੇ ਅਤੇ ਪ੍ਰਾਪਤ ਕਰਨ ਵਾਲੇ ਅਤੇ ਦਾਨ ਕਰਨ ਵਿਚਲੇ ਪਾੜੇ ਨੂੰ ਘਟਾਇਆ ਜਾ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News