ਜ਼ਿਲਾ ਪ੍ਰਸ਼ਾਸਨ ਵੱਲੋਂ 107 ਸਕੂਲਾਂ ਦੀ ਚੈਕਿੰਗ
Saturday, Aug 19, 2017 - 04:28 PM (IST)
ਲੁਧਿਆਣਾ(ਸਲੂਜਾ) - ਪੰਜਾਬ ਭਰ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਮਦਸਦ ਨਾਲ ਅਧਿਆਪਕਾਂ ਅਤੇ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣ ਸਬੰਧੀ ਰਾਜ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਪਰ ਪੰਜਾਬ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਅਧਿਆਪਕ ਅਤੇ ਬੱਚੇ ਅੰਗੂਠਾ ਦਿਖਾਉਂਦੇ ਨਜ਼ਰ ਆ ਰਹੇ ਹਨ।
2 ਅਧਿਆਪਕ ਅਤੇ 80 ਬੱਚੇ ਲੰਬੇ ਸਮੇਂ ਤੋਂ ਫਰਲੋ 'ਤੇ
ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਦੇ ਨਿਰਦੇਸ਼ਾਂ ਤਹਿਤ ਅੱਜ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ 'ਤੇ ਆਧਾਰਿਤ ਟੀਮਾਂ ਨੇ ਇਕੱਠਿਆਂ ਹੀ 107 ਸਰਕਾਰੀ ਸਕੂਲਾਂ ਵਿਚ ਦਸਤਕ ਦੇ ਕੇ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ 44 ਅਧਿਆਪਕ ਅਤੇ 1637 ਬੱਚੇ ਗੈਰ-ਹਾਜ਼ਰ ਪਾਏ ਗਏ। ਇਥੇ ਇਹ ਦੱਸ ਦੇਈਏ ਕਿ ਦੋ ਅਧਿਆਪਕ ਤਾਂ ਅਜਿਹੇ ਬੇਨਕਾਬ ਹੋਏ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਫਰਲੋ 'ਤੇ ਚਲਦੇ ਆ ਰਹੇ ਹਨ। ਬੱਚਿਆਂ ਦੀ ਗੱਲ ਕਰੀਏ ਤਾਂ 80 ਬੱਚੇ ਅਜਿਹੇ ਹਨ ਜੋ ਲੰਬੇ ਸਮੇਂ ਤੋਂ ਸਕੂਲ ਹੀ ਨਹੀਂ ਆ ਰਹੇ। ਨਾ ਤਾਂ ਗੈਰ-ਹਾਜ਼ਰ ਰਹਿਣ ਵਾਲੇ ਅਧਿਆਪਕਾਂ ਅਤੇ ਨਾ ਹੀ ਬੱਚਿਆਂ ਬਾਰੇ ਸਕੂਲ ਵਾਲੇ ਕੁਝ ਸਪੱਸ਼ਟ ਕਰ ਸਕੇ ਹਨ ਕਿ ਇਸ ਪਿੱਛੇ ਕੀ ਕਾਰਨ ਹੈ। ਇਨ੍ਹਾਂ ਟੀਮਾਂ ਨੇ ਮਿਡ-ਡੇ ਮੀਲ ਤਿਆਰ ਕਰਨ ਵਾਲੇ ਸਟਾਫ ਤੋਂ ਵੀ ਜਾਣਕਾਰੀ ਲਈ ਕਿ ਉਹ ਹਰ ਰੋਜ਼ ਬੱਚਿਆਂ ਨੂੰ ਕੀ ਕੀ ਖਾਣ ਨੂੰ ਦਿੰਦੇ ਹਨ। ਖਾਣਾ ਤਿਆਰ ਕਰਨ ਵਾਲੀ ਜਗ੍ਹਾ ਨੂੰ ਸਾਫ ਸੁਥਰਾ ਰੱਖਣ ਦੀਆਂ ਵੀ ਹਦਾਇਤਾਂ ਦਿੱਤੀਆਂ ਗਈਆਂ।
ਪੀਣ ਵਾਲੇ ਪਾਣੀ ਅਤੇ ਸਫਾਈ ਦਾ ਪ੍ਰਬੰਧ ਯਕੀਨੀ ਹੋਵੇ
ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਇਹ ਚੈਕਿੰਗ ਸਾਰੀਆਂ 8 ਸਬ ਡਵੀਜ਼ਨਾਂ ਦੇ ਤਹਿਤ ਪੈਣ ਵਾਲੇ ਸਰਕਾਰੀ ਸਕੂਲਾਂ ਵਿਚ ਕੀਤੀ ਗਈ।
ਸਕੂਲ ਪ੍ਰਿੰਸੀਪਲਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬੱਚਿਆਂ ਦੇ ਲਈ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਕੀਤਾ ਜਾਵੇ।
ਸਕੂਲ ਕੈਂਪਸ ਵਿਚ ਸਫਾਈ ਨੂੰ ਪਹਿਲੇ ਦਿੰਦੇ ਹੋਏ ਸਕੂਲ ਦੀ ਲਾਇਬ੍ਰੇਰੀ, ਖੇਡ ਗਰਾਊਂਡ ਅਤੇ ਕੰਪਿਊਟਰ ਸੈਂਟਰ ਵੱਲ ਵੀ ਧਿਆਨ ਦਿੱਤਾ ਜਾਵੇ।
ਗੈਰ-ਹਾਜ਼ਰ ਰਹਿਣ ਵਾਲੇ ਅਧਿਆਪਕਾਂ 'ਤੇ ਹੋਵੇਗੀ ਕਾਰਵਾਈ
ਉਨ੍ਹਾਂ ਦੱਸਿਆ ਕਿ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਨੂੰ ਕਿਹਾ ਗਿਆ ਹੈ ਕਿ ਉਹ ਗੈਰ-ਹਾਜ਼ਰ ਰਹਿਣ ਵਾਲੇ ਅਧਿਆਪਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਯਕੀਨੀ ਤੌਰ 'ਤੇ ਅਮਲ ਵਿਚ ਲਿਆਉਣ ਅਤੇ ਇਹ ਵੀ ਪਤਾ ਕਰਨ ਕਿ ਜਿਹੜੇ ਬੱਚੇ ਸਕੂਲ ਤੋਂ ਲਗਾਤਾਰ ਗੈਰ-ਹਾਜ਼ਰ ਰਹਿ ਰਹੇ ਹਨ, ਉਸ ਦੀ ਪ੍ਰਮੁੱਖ ਤੌਰ 'ਤੇ ਵਜ੍ਹਾ ਕੀ ਹੈ। ਸਕੂਲ ਵਿਚ ਹਰ ਇਕ ਬੱਚੇ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਅਗਰਵਾਲ ਨੇ ਕਿਹਾ ਕਿ ਜ਼ਿਲਾ ਲੁਧਿਆਣਾ ਵਿਚ ਦਫਤਰ ਅਤੇ ਸਮੇਂ ਦਾ ਪਾਬੰਦੀ ਨੂੰ ਬਰਕਰਾਰ ਰੱਖਣ ਲਈ ਇਸ ਤਰ੍ਹਾਂ ਦੀ ਚੈਕਿੰਗ ਲਗਾਤਾਰ ਜਾਰੀ ਰੱਖੀ ਜਾਵੇਗੀ।
