ਆਮ ਆਦਮੀ ਕਲੀਨਿਕਾਂ ਦਾ ਨਵਾਂ ਕੀਰਤੀਮਾਨ; ਪਿਛਲੇ 18 ਮਹੀਨਿਆਂ ''ਚ 1 ਕਰੋੜ ਲੋਕਾਂ ਨੇ ਕਰਵਾਇਆ ਇਲਾਜ

Wednesday, Feb 07, 2024 - 05:57 AM (IST)

ਆਮ ਆਦਮੀ ਕਲੀਨਿਕਾਂ ਦਾ ਨਵਾਂ ਕੀਰਤੀਮਾਨ; ਪਿਛਲੇ 18 ਮਹੀਨਿਆਂ ''ਚ 1 ਕਰੋੜ ਲੋਕਾਂ ਨੇ ਕਰਵਾਇਆ ਇਲਾਜ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਮੁੱਢਲੀ ਸਿਹਤ ਸੰਭਾਲ ਨੂੰ ਹੋਰ ਬਿਹਤਰ ਤੇ ਪੁਖ਼ਤਾ ਬਣਾਉਣ ਅਤੇ ਕਾਇਆ-ਕਲਪ ਕਰਨ ਦੇ ਮੱਦੇਨਜ਼ਰ ਸ਼ੁਰੂ ਕੀਤੇ ਗਏ ਮਹੱਤਵਪੂਰਨ ਪ੍ਰਾਜੈਕਟ ‘ਆਮ ਆਦਮੀ ਕਲੀਨਿਕਸ’ ਨੇ ਇਕ ਹੋਰ ਮੀਲ ਪੱਥਰ ਹਾਸਲ ਕੀਤਾ ਹੈ ਕਿਉਂਕਿ ਆਊਟਪੇਸ਼ੈਂਟ ਵਿਭਾਗ (ਓ.ਪੀ.ਡੀ.) ਦਾ ਅੰਕੜਾ ਮੰਗਲਵਾਰ ਨੂੰ ਇਕ ਕਰੋੜ ਨੂੰ ਪਾਰ ਕਰ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਦਿੱਤੀ।

ਮੰਤਰੀ ਨੇ  ਕਿਹਾ, “ਪਿਛਲੇ ਡੇਢ ਸਾਲ ਵਿਚ ਸੂਬੇ ਵਿਚ 1 ਕਰੋੜ ਤੋਂ ਵੱਧ ਲੋਕਾਂ ਨੇ ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਮੁਫ਼ਤ ਇਲਾਜ ਦਾ ਲਾਭ ਲਿਆ ਹੈ।” ਜ਼ਿਕਰਯੋਗ ਹੈ ਕਿ, ਰਾਜ ਵਿਚ ਕੁੱਲ੍ਹ 664 ਆਮ ਆਦਮੀ ਕਲੀਨਿਕ ਹਨ- 236 ਸ਼ਹਿਰੀ ਖੇਤਰਾਂ ਵਿਚ ਅਤੇ 428 ਪੇਂਡੂ ਖੇਤਰਾਂ ਵਿਚ- ਜੋ ਕਿ ਮੁਫਤ ਇਲਾਜ ਪ੍ਰਦਾਨ ਕਰਨ ਦੇ ਨਾਲ-ਨਾਲ 80 ਕਿਸਮਾਂ ਦੀਆਂ ਮੁਫਤ ਦਵਾਈਆਂ ਅਤੇ 38 ਕਿਸਮਾਂ ਦੇ ਮੁਫਤ ਡਾਇਗਨੌਸਟਿਕ ਟੈਸਟਾਂ ਦੀ ਸਹੂਲਤ ਦੇ ਰਹੇ ਹਨ। ਸਾਰੇ ਕਲੀਨਿਕ ਆਈਟੀ ਇਨੇਬਲਡ ਹਨ ਅਤੇ ਡਿਜੀਟਲ ਢੰਗ ਰਾਹੀਂ ਰਜਿਸਟਰੇਸ਼ਨ, ਡਾਕਟਰੀ  ਸਲਾਹ, ਜਾਂਚ ਅਤੇ ਦਵਾਈ ਸਬੰਧੀ ਸੁਝਾਅ ਦੀ ਸਹੂਲਤ ਨਾਲ ਲੈਸ ਹਨ।

ਇਹ ਖ਼ਬਰ ਵੀ ਪੜ੍ਹੋ - ਇਕ ਹੋਰ ਦੇਸ਼ ਹੋਇਆ Visa Free, ਭਾਰਤੀਆਂ ਨੂੰ ਨਹੀਂ ਪਵੇਗੀ ਵੀਜ਼ਾ ਲੈਣ ਦੀ ਲੋੜ

ਸਿਹਤ ਮੰਤਰੀ ਮੁਫਤ ਦਵਾਈਆਂ, ਐਕਸ-ਰੇ, ਅਲਟਰਾਸਾਊਂਡ, ਫਰਿਸ਼ਤੇ ਸਕੀਮ ਅਤੇ ਆਮ ਆਦਮੀ ਕਲੀਨਿਕਾਂ ਸਮੇਤ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਸਾਰੇ ਸਿਵਲ ਸਰਜਨਾਂ, ਡਿਪਟੀ ਮੈਡੀਕਲ ਸੁਪਰਡੈਂਟਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ (ਐਸਐਮਓ) ਨਾਲ ਇਕ ਉੱਚ-ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹੱਤਪੂਰਨ ‘ਫਰਿਸ਼ਤੇ ਸਕੀਮ’ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਸੜਕੀ ਹਾਦਸਿਆਂ ਦੇ ਪੀੜਤਾਂ ਦੀ ਕੌਮੀਅਤ, ਜਾਤ ਜਾਂ ਸਮਾਜਿਕ-ਆਰਥਿਕ ਸਥਿਤੀ ਵਿਚਾਰੇ ਬਿਨਾਂ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਸੜਕ ਹਾਦਸੇ ਦੇ ਪੀੜਤ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾਵੇਗਾ, ਉਸ ਨੂੰ 2000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ, ਜਦਕਿ ਸੜਕ ਹਾਦਸੇ ਦੇ ਪੀੜਤ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਕੋਲੋਂ , ਬਿਨ੍ਹਾਂ ਉਸ ਦੀ ਰਜ਼ਾਮੰਦੀ, ਤੋਂ ਪੁਲਸ ਜਾਂ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾਵੇਗੀ। 

ਸਰਕਾਰੀ ਸਿਹਤ ਕੇਂਦਰਾਂ ਵਿਖੇ ਦਵਾਈਆਂ ਦੀ ਸਪਲਾਈ ਦਾ ਜਾਇਜ਼ਾ ਲੈਂਦਿਆਂ ਡਾ. ਬਲਬੀਰ ਸਿੰਘ ਨੇ ਸਿਵਲ ਸਰਜਨਾਂ ਅਤੇ ਐੱਸ.ਐੱਮ.ਓਜ਼ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕਿਸੇ ਵੀ ਮਰੀਜ਼ ਨੂੰ ਦਵਾਈਆਂ ਖਰੀਦਣ ਲਈ ਬਾਹਰ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫਤ ਦਵਾਈਆਂ ਦਾ ਕਾਫੀ ਸਟਾਕ ਉਪਲੱਬਧ ਹੈ। ਸਿਵਲ ਸਰਜਨਾਂ ਅਤੇ ਐੱਸ.ਐੱਮ.ਓਜ਼ ਨੂੰ ਵੀ ਦਵਾਈਆਂ ਦੀ ਖਰੀਦ ਲਈ ਫੰਡ ਅਲਾਟ ਕੀਤੇ ਗਏ ਹਨ ਤਾਂ ਜੋ ਕਿਸੇ ਖਾਸ ਦਵਾਈ ਦੀ ਘਾਟ ਹੋਣ ‘ਤੇ ਉਸ ਦੀ ਖਰੀਦ ਕੀਤੀ ਜਾ ਸਕੇ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਨੌਜਵਾਨਾਂ ਲਈ ਕੀਤਾ ਅਹਿਮ ਐਲਾਨ, ਬਦਲਿਆ ਜਾਵੇਗਾ ਫਾਇਰ ਬ੍ਰਿਗੇਡ ਭਰਤੀ ਦਾ ਨਿਯਮ

ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸਹੂਲਤਾਂ (ਜਿਨ੍ਹਾਂ ਵਿਚ ਐਕਸ-ਰੇ ਅਤੇ ਅਲਟਰਾਸਾਊਂਡ ਮਸ਼ੀਨਾਂ ਨਹੀਂ ਹਨ) ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਐਕਸ-ਰੇ ਅਤੇ ਅਲਟਰਾਸਾਊਂਡ ਦੀ ਸਹੂਲਤ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਡਾਇਗਨੌਸਟਿਕ ਸੈਂਟਰਾਂ ਨੂੰ ਸੂਚੀਬੱਧ ਕੀਤਾ ਹੈ, ਜਿੱਥੇ ਮਰੀਜ਼ ਮਾਮੂਲੀ ਜਿਹੀ ਕੀਮਤ ਅਦਾ ਕਰਕੇ ਇਹ ਸਹੂਲਤਾਂ ਲੈ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News