ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ''ਚ ਕਿਸਾਨਾਂ ਨੇ ਪੂਰੇ ਜੋਰਾਂ-ਸ਼ੋਰਾਂ ਨਾਲ ਝੋਨਾ ਲਗਾਉਣਾ ਕੀਤਾ ਸ਼ੁਰੂ

06/21/2018 7:33:48 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਕੋਈ ਵੀ ਕਿਸਾਨ 20 ਜੂਨ ਤੋਂ ਪਹਿਲਾਂ ਆਪਣੇ ਖੇਤਾਂ 'ਚ ਝੋਨਾ ਨਾ ਲਗਵਾਏ, ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਘੱਟਦਾ ਜਾ ਰਿਹਾ ਹੈ, ਜੋ ਲੋਕਾਂ ਲਈ ਇਕ ਵੱਡਾ ਖਤਰਾ ਹੈ। ਇਸੇ ਕਾਰਨ ਬਹੁਤੇ ਕਿਸਾਨਾਂ ਨੇ ਸਰਕਾਰ ਦੀ ਘੁਰਕੀ ਤੋਂ ਡਰਦਿਆ ਝੋਨਾ ਲਗਾਉਣਾ ਸ਼ੁਰੂ ਨਹੀਂ ਕੀਤਾ ਸੀ ਪਰ ਜਿਉਂ ਹੀ 20 ਜੂਨ ਦੀ ਸਵੇਰ ਹੋਈ ਤਾਂ ਕਿਸਾਨਾਂ ਨੇ ਵੱਡੀ ਗਿਣਤੀ 'ਚ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਦਿਨ ਖੇਤਾਂ 'ਚ ਚਹਿਲ-ਪਹਿਲ ਸ਼ੁਰੂ ਹੋ ਗਈ ਹੈ। ਭਾਵੇਂ ਕਿਸਾਨ ਵਰਗ ਨੂੰ ਇਕੋਂ ਸਮੇਂ ਤੋਂ ਝੋਨਾ ਲਗਾਉਣ ਲਈ ਕਾਫ਼ੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਫੇਰ ਵੀ ਕਿਸਾਨ ਪੂਰੀ ਤਨਦੇਹੀ ਨਾਲ ਝੋਨਾ ਲਗਾਉਣ 'ਚ ਰੁੱਝ ਗਏ ਹਨ। 

ਪਹਿਲਾਂ ਹੀ ਪਨੀਰੀ ਕਰ ਲਈ ਗਈ ਸੀ ਤਿਆਰ
ਜਿਨਾਂ ਕਿਸਾਨਾਂ ਨੇ ਆਪਣੇ ਖੇਤਾਂ 'ਚ ਝੋਨਾ ਲਗਾਉਣਾ ਸੀ, ਉਨ੍ਹਾਂ ਕਿਸਾਨਾਂ ਨੇ ਝੋਨਾ ਲਾਉਣ ਲਈ ਪਨੀਰੀ ਪਹਿਲਾਂ ਤੋਂ ਹੀ ਤਿਆਰ ਕਰ ਲਈ ਸੀ। ਪਨੀਰੀ ਨੂੰ ਸਮੇਂ ਸਿਰ ਪਾਣੀ ਲਗਾ ਕੇ ਕੀਟਨਾਸ਼ਕ ਦਵਾਈ ਦਾ ਸਪਰੇਅ ਕੀਤਾ ਗਿਆ ਸੀ। ਤਿੰਨ ਚਾਰ ਦਿਨ ਅਸਮਾਨ 'ਚ ਮਿੱਟੀ ਉਡਦੀ ਰਹੀ ਤੇ ਇਸ ਮਿੱਟੀ ਨੇ ਝੋਨੇ ਦੀ ਪਨੀਰੀ ਤੇ ਕਈ ਥਾਵਾਂ 'ਤੇ ਅਸਰ ਪਾ ਦਿੱਤਾ ਸੀ ਪਰ ਫੇਰ ਵੀ ਕਿਸਾਨਾਂ ਨੇ ਇਸ ਨੂੰ ਸੰਭਾਲ ਲਿਆ।  
ਕੀ ਆ ਰਿਹਾ ਹੈ ਖਰਚਾ
ਕਿਸਾਨਾਂ ਦੇ ਦੱਸਣ ਅਨੁਸਾਰ ਝੋਨੇ ਦੀ ਲਵਾਈ ਤੇ ਲੇਬਰ ਦਾ ਜੋ ਖਰਚਾ ਆ ਰਿਹਾ ਹੈ, ਉਹ ਕਿਧਰੇ 2200 ਰੁਪਏ ਹੈ ਤੇ ਕਿਧਰੇ 2500 ਰੁਪਏ ਹੈ। ਜਿਥੇ ਪ੍ਰਵਾਸੀ ਮਜ਼ਦੂਰ ਝੋਨਾ ਲਗਾ ਰਹੇ ਹਨ, ਉਥੇ ਪ੍ਰਤੀ ਏਕੜ ਝੋਨੇ ਦੀ ਲਵਾਈ 'ਤੇ 2200 ਜਾਂ 2300 ਰੁਪਏ ਖਰਚ ਆ ਰਹੇ ਹਨ।  
ਨਹਿਰੀ ਪਾਣੀ ਦੀ ਰੜਕ ਰਹੀ ਹੈ ਘਾਟ 
ਜ਼ਿਲੇ ਦੇ ਕਈ ਪਿੰਡ ਅਜਿਹੇ ਹਨ ਜਿੱਥੇ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਨਹਿਰੀ ਪਾਣੀ ਦੀ ਕਾਫ਼ੀ ਘਾਟ ਰੜਕ ਰਹੀ ਹੈ। ਖਾਸ ਕਰਕੇ ਟੇਲਾਂ 'ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਲਈ ਤਾਂ ਹੋਰ ਵੀ ਸਮੱਸਿਆ ਹੈ। ਇਸ ਸੱਭ ਦੇ ਬਾਵਜੂਦ ਕਿਸਾਨ ਝੋਨਾ ਲਗਾਉਣ ਲਈ ਮਜ਼ਬੂਰ ਹਨ। ਜ਼ਿਕਰਯੋਗ ਹੈ ਕਿ ਨਹਿਰ ਮਹਿਕਮੇਂ ਨੇ ਨਹਿਰਾਂ ਅਤੇ ਰਜਬਾਹਿਆਂ 'ਚ ਪਿਛਲੇਂ ਕੁਝ ਹਫ਼ਤੇ ਪਾਣੀ ਦੀ ਬੰਦੀ ਰੱਖੀ ਸੀ ਤਾਂ ਕਿ ਕਿਸਾਨ ਝੋਨਾ 20 ਜੂਨ ਤੋਂ ਪਹਿਲਾਂ ਨਾ ਲਗਾ ਸਕਣ।  
ਟਿਊਬਵੈਲਾਂ ਦੀਆਂ ਮੋਟਰਾਂ ਵਾਲੀ ਬਿਜਲੀ ਦਿੱਤੀ ਜਾਵੇ 16 ਘੰਟੇ
ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪਾਵਰਕਾਮ ਮਹਿਕਮੇਂ ਨੇ ਪਿਛਲੇਂ ਕਈ ਹਫ਼ਤਿਆਂ ਤੋਂ ਕਿਸਾਨਾਂ ਦੇ ਖੇਤਾਂ 'ਚ ਲੱਗੇ ਟਿਊਬਵੈਲਾਂ ਦੀਆਂ ਮੋਟਰਾਂ ਵਾਲੀ ਬਿਜਲੀ 'ਤੇ ਵੱਡਾ ਕੱਟ ਲਗਾਇਆ ਹੋਇਆ ਸੀ। ਮਹਿਕਮੇਂ ਦੇ ਉੱਚ ਅਧਿਕਾਰੀਆਂ ਨੇ ਕਿਹਾ ਸੀ ਕਿ 20 ਜੂਨ ਤੋਂ ਟਿਊਬਵੈਲਾਂ ਵਾਲੀ ਬਿਜਲੀ ਮੁਹੱਈਆਂ ਕਰਵਾਈ ਜਾਵੇਗੀ। ਕਿਸਾਨਾਂ ਦਾ ਪੱਖ ਹੈ ਕਿ ਪਾਵਰਕਾਮ ਮਹਿਕਮਾਂ 8 ਘੰਟੇ ਦੀ ਬਜਾਏ ਦਿਨ 'ਚ 16 ਘੰਟੇ ਟਿਊਬਵੈਲਾਂ ਬਿਜਲੀ ਦੇਵੇ ਤਾਂ ਹੀ ਝੋਨੇ ਲਈ ਪਾਣੀ ਪੂਰਾ ਆਵੇਗਾ।ਟਿਊਬਵੈਲ ਦੀਆਂ ਮੋਟਰਾ ਵਾਲੀ ਬਿਜਲੀ ਪਾਵਰਕਾਮ ਮਹਿਕਮੇਂ ਨੇ ਸਮਾਂ ਕੀਤਾ ਨਿਯੁਕਤ
ਝੋਨੇ ਦੀ ਲਵਾਈ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੈੱਡ ਆਫ਼ਿਸ ਪਟਿਆਲਾ ਨੇ ਖੇਤੀਬਾੜੀ ਦੇ ਫੀਡਰਾਂ ਦੀ ਸਪਲਾਈ ਲਈ ਕਿਸਾਨਾਂ ਦੇ ਖੇਤਾਂ 'ਚ ਲੱਗੇ ਟਿਊਵਬੈਲ ਦੀਆਂ ਮੋਟਰਾਂ ਵਾਲੀ ਬਿਜਲੀ ਸਪਲਾਈ ਨੂੰ 20 ਜੂਨ ਤੋਂ ਮੁਕਤਸਰ 'ਚ ਤਿੰਨ ਗਰੁੱਪਾ 'ਚ ਵੰਡ ਦਿੱਤਾ ਗਿਆ ਹੈ। ਜੋ ਗਰੁੱਪ ਬਣਾਏ ਗਏ ਹਨ, ਉਸ ਅਨੁਸਾਰ ਰਾਤ 1 ਵਜੇ ਤੋਂ ਸਵੇਰੇ 9 ਵਜੇ ਤੱਕ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਰਾਤ 1 ਵਜੇ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਪਾਵਰਕਾਮ ਮਹਿਕਮਾ ਦਾ ਕਹਿਣਾ ਹੈ ਕਿ ਚਾਰ ਦਿਨਾਂ ਬਾਅਦ ਇਨ੍ਹਾਂ ਗਰੁੱਪਾ ਦਾ ਟਾਈਮ ਬਦਲ ਦਿੱਤਾ ਜਾਵੇਗਾ।
70 ਰੁਪਏ ਲੀਟਰ ਵਾਲਾ ਡੀਜ਼ਲ ਫੂਕ ਕੇ ਕਿਸਾਨ ਚਲਾਉਣ ਲੱਗੇ ਇੰਜਣ ਅਤੇ ਜਰਨੇਟਰ
ਝੋਨਾ ਲਗਾਉਣ ਲਈ ਖੇਤਾਂ 'ਚ ਪਾਣੀ ਦੀ ਵਰਤੋਂ ਕਰਨ ਵਾਸਤੇ ਕਿਸਾਨਾਂ ਨੂੰ ਕਈ ਤਰਾਂ ਦੇ ਪਾਪੜ ਵੇਲਣੇ ਪੈ ਰਹੇ ਹਨ। ਇਕ ਪਾਸੇ ਪੰਜਾਬ ਸਰਕਾਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਆਰਥਿਕ ਤੌਰ 'ਤੇ ਬੇਹੱਦ ਪੱਛੜ ਚੁੱਕੇ ਖੇਤੀ ਧੰਦੇ 'ਤੇ ਕੋਈ ਨਾ ਕੋਈ ਸੱਟ ਵੱਜਦੀ ਰਹਿੰਦੀ ਹੈ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹੋ ਜਾਂਦੇ ਹਨ। ਇਸ ਸਮੇਂ ਝੋਨੇ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ। ਵੱਖ-ਵੱਖ ਖੇਤਾਂ 'ਚ ਜਾ ਕੇ ਵੇਖਣ 'ਤੇ ਪਤਾ ਲੱਗਾ ਕਿ ਅਨੇਕਾਂ ਕਿਸਾਨਾਂ ਨੇ ਆਪਣੇ ਖੇਤਾਂ 'ਚ ਡੀਜ਼ਲ ਇੰਜਣ ਰੱਖੇ ਹੋਏ ਹਨ। ਉਹ ਡੀਜ਼ਲ ਇੰਜਣ ਨੂੰ ਚਲਾ ਕੇ ਟਿਊਬਵੈਲਾਂ ਰਾਹੀ ਪਾਣੀ ਰਹੇ ਹਨ।  
ਸਰਕਾਰ ਫੜੇ ਕਿਸਾਨਾਂ ਦੀ ਬਾਂਹ
ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਕਿਸਾਨ ਸਾਰੇ ਦੇਸ਼ ਦੇ ਨਾਗਰਿਕਾ ਲਈ ਅੰਨ-ਭੰਡਾਰ ਪੈਦਾ ਕਰਦਾ ਹੈ। ਇਸ ਕਰਕੇ ਕਿਸਾਨਾਂ ਨੂੰ ਫ਼ਸਲਾਂ ਲਈ ਪੂਰਾ ਨਹਿਰੀ ਪਾਣੀ ਤੇ ਬਿਜਲੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਰਜਬਾਹਿਆਂ ਅਤੇ ਕੱਸੀਆ 'ਚ ਲੱਗੇ ਮੋਘਿਆ ਦਾ ਅਕਾਰ ਵਧਾਇਆ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਖੇਤੀ ਲਈ ਸਸਤੇ ਭਾਅ 'ਚ ਡੀਜ਼ਲ ਮੁਹੱਈਆ ਕਰਵਾਉਣਾ ਚਾਹੀਦਾ ਹੈ। 


Related News