ਮਾਨਸੂਨ ਦਾ ਨਾਂ ਸੁਣ ਕੇ ਹੀ ਦਹਿਸ਼ਤ ’ਚ ਆ ਜਾਂਦੇ ਨੇ ਮੁਹੱਲਾ ਵਿਜੈ ਨਗਰ ਦੇ ਨਿਵਾਸੀ

06/19/2018 3:42:14 AM

ਕੋਟਕਪੂਰਾ,   (ਨਰਿੰਦਰ)- ਜਿੱਥੇ ਇਕ ਪਾਸੇ ਕਿਸਾਨ ਤੇ ਆਮ ਲੋਕ ਮਾਨਸੂਨ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸ਼ਹਿਰ ਦੇ ਮੋਗਾ ਰੋਡ ’ਤੇ ਸਥਿਤ ਮੁਹੱਲਾ ਵਿਜੈ ਨਗਰ ਦੇ ਨਿਵਾਸੀ ਮਾਨਸੂਨ ਦਾ ਨਾਂ ਸੁਣ ਕੇ ਹੀ ਦਹਿਸ਼ਤ ਵਿਚ ਆ ਜਾਂਦੇ ਹਨ। ਇਸ ਮਾਨਸੂਨ ਦੌਰਾਨ ਪੈਣ ਵਾਲੇ ਮੀਂਹ ਦਾ ਪਾਣੀ  ਮੁਹੱਲੇ ਦੇ ਘਰਾਂ ’ਚ ਦਾਖਲ ਹੋਣ ਦਾ ਡਰ ਲੋਕਾਂ ਨੂੰ ਸਤਾਅ ਰਿਹਾ ਹੈ। 
ਜ਼ਿਕਰਯੋਗ ਹੈ ਕਿ ਸ਼ਹਿਰ ਦਾ ਖਾਸ ਇਲਾਕਾ ਹੋਣ ਅਤੇ ਮੁਹੱਲੇ ’ਚ ਸੈਂਕਡ਼ੇ ਘਰ ਹੋਣ ਦੇ ਬਾਵਜੂਦ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪੂਰੇ ਮੁਹੱਲੇ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਕਰੀਬ 35-40 ਸਾਲ ਪਹਿਲਾਂ ਵਸੇ ਇਸ ਮੁਹੱਲੇ ਦਾ ਪਾਣੀ ਪਹਿਲਾਂ ਇਕ ਨਾਲੇ ’ਚੋਂ ਹੋ ਕੇ ਅੱਗੇ ਜਾਂਦਾ ਸੀ  ਪਰ ਹੁਣ ਉਹ ਨਾਲਾ ਇੱਥੋਂ ਪੂਰੀ ਤਰ੍ਹਾਂ ਗਾਇਬ ਹੋ ਚੁੱਕਿਆ ਹੈ। 
ਕਈ ਸਾਲਾਂ ਤੋਂ ਮੁਹੱਲਾ ਅਨੰਦ ਨਗਰ ਅਤੇ ਮੁਹੱਲਾ ਵਿਜੈ ਨਗਰ ਦਾ ਗੰਦਾ ਪਾਣੀ ਮੋਗਾ ਰੋਡ ’ਤੇ ਮੁੱਖ ਮਾਰਗ ਦੇ ਨਾਲ ਪਏ ਖਾਲੀ ਪਲਾਟਾਂ ਵਿਚ ਪੈ ਰਿਹਾ ਹੈ। ਹੌਲੀ-ਹੌਲੀ ਇਸ ਨੇ ਇਕ ਵੱਡੇ ਛੱਪਡ਼ ਦਾ ਰੂਪ ਲੈ ਲਿਆ ਅਤੇ ਕਾਫੀ ਲੰਮੇ ਸਮੇਂ ’ਤੇ ਇਨ੍ਹਾਂ ਮੁਹੱਲਿਆਂ ਦੇ ਸੈਂਕਡ਼ੇ ਘਰਾਂ ਦਾ ਪਾਣੀ ਇਸ ਛੱਪਡ਼ ’ਚ ਹੀ ਇੱਕਠਾ ਹੋ ਰਿਹਾ ਹੈ। ਮੁਹੱਲਾ ਨਿਵਾਸੀ ਇਸ ਛੱਪਡ਼ ’ਚ ਇਕੱਠੇ ਹੋ ਰਹੇ ਪਾਣੀ ਤੋਂ ਬੇਹੱਦ ਪ੍ਰੇਸ਼ਾਨ ਹਨ ਕਿਉਂਕਿ ਇਸ ਗੰਦੇ ਪਾਣੀ ਦੀ ਬਦਬੂ ਅਤੇ ਮੱਛਰਾਂ-ਮੱਖੀਆਂ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਸਡ਼ਕ ਅਤੇ ਗਲੀਆਂ ਦੇ ਨਾਲ ਲੱਗਦੇ ਇਸ ਛੱਪਡ਼ ਦੇ ਕੰਢੇ ਵੀ ਉੱਚੇ ਨਹੀਂ ਹਨ, ਜਿਸ ਕਾਰਨ ਹੁਣ ਤੱਕ ਕਈ ਲੋਕ ਇਸ ਵਿਚ ਡਿੱਗ ਚੁੱਕੇ ਹਨ। ਸੰਘਣੀ ਅਾਬਾਦੀ ਹੋਣ ਕਰ ਕੇ ਸਾਰਾ ਦਿਨ ਬੱਚੇ ਵੀ ਆਉਂਦੇ-ਜਾਂਦੇ ਹਨ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। 
ਬੀਤੇ ਦਿਨ ਪਏ ਥੋਡ਼੍ਹੇ ਜਿਹੇ ਮੀਂਹ ਕਾਰਨ ਉਕਤ ਛੱਪਡ਼ ਓਵਰਫਲੋਅ ਹੋ ਗਿਆ ਅਤੇ ਹੁਣ ਆਲਮ ਇਹ ਹੈ ਕਿ ਮੁਹੱਲੇ ਦੀਆਂ ਨਾਲੀਆਂ ਰਾਹੀਂ ਪਾਣੀ ਗਲੀਆਂ ਵਿਚ ਜਮ੍ਹਾ ਹੋ ਰਿਹਾ ਹੈ। ਇਸ ਤੋਂ ਇਲਾਵਾ ਨੱਕੋ-ਨੱਕ ਭਰੇ ਇਸ ਛੱਪਡ਼ ’ਚੋਂ ਪਾਣੀ ਬਾਹਰ ਨਿਕਲ ਕੇ ਮੁੱਖ ਸਡ਼ਕ ਤੱਕ ਪੁੱਜ ਚੁੱਕਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਸਡ਼ਕ ਕੰਢੇ ਪਾਣੀ ਖਡ਼੍ਹਾ ਹੋਣ ਕਰ ਕੇ ਲੋਕਾਂ ਨੂੰ ਮਜਬੂਰੀਵੱਸ ਸਡ਼ਕ ਉੱਪਰੋਂ ਲੰਘਣਾ ਪੈ ਰਿਹਾ ਹੈ, ਜੋ ਹਾਦਸੇ ਦਾ ਕਾਰਨ ਬਣ ਸਕਦਾ ਹੈ। 
ਮੁਹੱਲਾ ਨਿਵਾਸੀਅਾਂ ਸ਼ਾਦੀ ਰਾਮ ਦਿਉਡ਼ਾ, ਜਗਦੀਸ਼ ਲਾਲ ਮਹਿਤਾ, ਧਰਮਪਾਲ ਵਿਨੋਚਾ, ਅਸ਼ੋਕ ਦਿਉਡ਼ਾ, ਰਵਿੰਦਰ ਅਰੋਡ਼ਾ, ਸੁਮਿਤ ਅਰੋਡ਼ਾ, ਰਵਿੰਦਰ ਅਰੋਡ਼ਾ, ਬੀਰਬਲ ਦਾਸ, ਐਡਵੋਕੇਟ ਸੰਨੀ ਅਰੋਡ਼ਾ, ਅੰਮ੍ਰਿਤ ਸੇਤੀਆ, ਬਿੱਟੂ ਦਿਉਡ਼ਾ, ਪਾਰਸ ਦਿਉਡ਼ਾ ਨੇ ਦੱਸਿਆ ਉਹ ਪਾਣੀ ਦੀ ਨਿਕਾਸੀ ਸਬੰਧੀ ਅਨੇਕਾਂ ਵਾਰ ਅਧਿਕਾਰੀਆਂ ਤੱਕ ਜ਼ੁਬਾਨੀ ਅਤੇ ਲਿਖਤੀ ਪਹੁੰਚ ਕਰ ਚੁੱਕੇ ਹਨ  ਪਰ ਅੱਜ ਤੱਕ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਬਾਰਿਸ਼ਾਂ ਤੋਂ ਪਹਿਲਾਂ ਮੁਹੱਲੇ ਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ।
 


Related News