ਕੈਨੇਡਾ ''ਚ ਐੱਮ.ਪੀ.ਪੀ. ਬਣੇ ਅਮਰਜੋਤ ਸੰਧੂ ਨਾਲ ਖਾਸ ਮੁਲਾਕਾਤ (ਵੀਡੀਓ)

06/18/2018 4:21:50 PM

ਓਂਟਾਰੀਓ— ਕੈਨੇਡਾ ਵਿਚ 7 ਜੂਨ ਨੂੰ ਹੋਈਆਂ ਅਸੈਂਬਲੀ ਚੋਣਾਂ ਵਿਚ ਜਿਨ੍ਹਾਂ 7 ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ, ਉਨ੍ਹਾਂ 7 ਪੰਜਾਬੀਆਂ ਵਿਚੋਂ ਬਰੈਂਪਟਨ ਵੈਸਟ ਤੋਂ ਅਮਰਜੋਤ ਸਿੰਘ ਸੰਧੂ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀ.ਸੀ. ਪਾਰਟੀ) ਵੱਲੋਂ ਚੋਣ ਲੜ ਕੇ ਐੱਮ.ਪੀ.ਪੀ. ਬਣ ਕੇ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੈ। ਸੰਧੂ ਨੇ ਜਗਬਾਣੀ ਦੇ ਨਰੇਸ਼ ਅਰੋੜਾ ਅਤੇ ਰਮਨਦੀਪ ਸਿੰਘ ਸੋਢੀ ਨਾਲ ਖਾਸ ਮੁਲਾਕਾਤ ਕੀਤੀ। ਇਸ ਦੌਰਾਨ ਸੰਧੂ ਨੇ ਆਪਣੇ ਹਲਕੇ ਨਾਲ ਜੁੜੇ ਹਰ ਮੁੱਦੇ 'ਤੇ ਬੇਬਾਕੀ ਨਾਲ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਹੋਈ ਗੱਲਬਾਤ ਦੇ ਮੁੱਖ ਅੰਸ਼:—
ਪੰਜਾਬ ਦੇ ਅੰਮ੍ਰਿਤਸਰ ਨਾਲ ਰੱਖਦੇ ਹਨ ਸਬੰਧ—
ਤੁਹਾਨੂੰ ਦੱਸ ਦੇਈਏ ਕਿ ਅਮਰਜੋਤ ਸਿੰਘ ਸੰਧੂ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਹਨ ਅਤੇ 10 ਸਾਲ ਪਹਿਲਾਂ (2008) ਵਿਚ ਕੈਨੇਡਾ ਪੜ੍ਹਨ ਲਈ ਆਏ ਸਨ ਅਤੇ ਹੁਣ ਉਹ ਕੈਨੇਡਾ ਵਿਚ ਐੱਮ.ਪੀ.ਪੀ. ਬਣਨ ਵਾਲੇ ਪਹਿਲੇ ਅੰਤਰਰਾਸ਼ਟਰੀ ਵਿਦਿਆਰਥੀ ਹਨ। ਜਿੱਥੇ ਉਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਵਾਇਰਲੈਸ ਐਂਡ ਨੈਟਵਰਕਿੰਗ ਵਿਚ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ 4-5 ਸਾਲ ਨੈਟਵਰਕ ਐਨਾਲਿਸਟ ਵਿਚ ਕੰਮ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੇ ਰੋਇਲ ਲੈਪੇਜ ਫਲਾਵਰ ਵਿਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਬਾਰੇ ਗੱਲ ਕਰਦੇ ਦੱਸਿਆ ਕਿ ਉਨ੍ਹਾਂ ਨੇ ਸਕੂਲੀ ਸਿੱਖਿਆ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਾਲਜ ਆਫ ਐਡੀਟਿੰਗ ਐਂਡ ਮੈਨੇਜਮੈਂਟ ਕਪੂਰਥਲਾ ਤੋਂ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਚ ਡਿਗਰੀ ਹਾਸਲ ਕੀਤੀ।
ਇੰਜੀਨੀਅਰ ਤੋਂ ਸਿਆਸਤ ਵਿਚ ਰੁਖ ਕਿਵੇਂ ਹੋਇਆ—
ਰਾਜਨੀਤੀ ਵਿਚ ਆਉਣ ਬਾਰੇ ਉਨ੍ਹਾਂ ਦੱਸਿਆ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਰਾਜਨੀਤੀ ਵਿਚ ਸ਼ਾਮਲ ਹੈ ਅਤੇ ਮੈਂ ਵੀ ਸ਼ੁਰੂ ਤੋਂ ਰਾਜਨੀਤੀ ਵਿਚ ਸ਼ਾਮਲ ਹਾਂ। ਇਸੇ ਤਰ੍ਹਾਂ ਕੈਨੇਡਾ ਵਿਚ ਜਿੰਨੀਆਂ ਵੀ ਫੈੱਡਰਲ, ਮਿਊਂਸੀਪਲ ਚੋਣਾਂ ਹੋਈਆਂ ਹਨ ਮੈਂ ਉਨ੍ਹਾਂ ਸਾਰਿਆਂ ਵਿਚ ਇਕ ਵਾਲੰਟੀਅਰ ਦੇ ਤੌਰ 'ਤੇ ਹਿੱਸਾ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਬਰੈਂਪਟਨ ਵੈਸਟ ਤੋਂ ਮੈਂ ਕੰਜ਼ਰਵੇਟਿਵ ਪਾਰਟੀ ਦਾ ਪ੍ਰੈਜ਼ੀਡੈਂਟ ਵੀ ਰਿਹਾ ਹਾਂ।
ਕਿਸ ਨਜ਼ਰੀਏ ਤੋਂ ਦੇਖਦੇ ਹਨ ਇੱਥੋਂ ਦੇ ਲੋਕ—
ਭਾਰਤ ਨਾਲੋਂ ਕੈਨੇਡਾ ਦੀ ਸਿਆਸਤ ਵਿਚ ਆਧਾਰ ਬਣਾਉਣਾ ਸੌਖਾ ਹੈ। ਕਿਉਂਕਿ ਇੱਥੋਂ ਦੇ ਲੋਕ ਵਿਕਾਸ ਨੂੰ ਜ਼ਿਆਦਾ ਤਵੱਜੋ ਦਿੰਦੇ ਹਨ, ਭਾਈਚਾਰਾ ਲੋਕਾਂ ਲਈ ਮਾਇਨੇ ਨਹੀਂ ਰੱਖਦਾ। ਚਾਹੇ ਉਹ ਗੋਰਾ ਹੋਵੇ ਜਾਂ ਪੰਜਾਬੀ ਹੋਵੇ। ਇੱਥੋਂ ਦੇ ਲੋਕ ਬਸ ਇਹੀ ਚਾਹੁੰਦੇ ਹਨ ਕਿ ਜੋ ਵੀ ਕੋਈ ਸਿਆਸਤ ਵਿਚ ਆਏ ਉਹ ਉਨ੍ਹਾਂ ਦੀ ਆਵਾਜ਼ ਬਣੇ ਅਤੇ ਉਨ੍ਹਾਂ ਲਈ ਕੰਮ ਕਰੇ।
ਸ਼ੁਰੂ ਤੋਂ ਹੀ ਪੀਸੀ ਪਾਰਟੀ ਨਾਲ ਜੁੜਿਆ ਹਾਂ—
ਪੀ.ਸੀ. ਪਾਰਟੀ ਨਾਲ ਮੇਰੇ ਵਿਚਾਰ ਮੈਚ ਕਰਦੇ ਹਨ। ਜਦੋਂ ਤੋਂ ਮੈਂ ਇੱਥੇ ਆਇਆ ਹਾਂ ਮੈਂ ਦੇਖਿਆ ਕਿ ਇਹ ਪਾਰਟੀ ਵਧੀਆ ਹੈ। ਇੱਥੋਂ ਤੱਕ ਇਨ੍ਹਾਂ ਦੀ ਨੀਤੀਆਂ ਵੀ ਬਹੁਤ ਵਧੀਆ ਹਨ। ਇਸ ਲਈ ਮੈਂ ਸ਼ੁਰੂ ਤੋਂ ਹੀ ਪੀ.ਸੀ. ਪਾਰਟੀ ਨਾਲ ਜੁੜਿਆ ਹੋਇਆ ਹਾਂ। ਅੱਗੇ ਉਨ੍ਹਾਂ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਬਾਰੇ ਦੱਸਿਆ ਕਿ ਐੱਨ.ਡੀ.ਪੀ. ਪਾਰਟੀ ਨਾਲ ਲੋਕ ਹੁਣ ਜੁੜਨ ਲੱਗੇ ਹਨ। ਇਸ ਤੋਂ ਪਹਿਲਾਂ ਲੋਕ ਲਿਬਰਲ ਪਾਰਟੀ ਨਾਲ ਜੁੜਦੇ ਸਨ।
ਪੀ.ਸੀ. ਪਾਰਟੀ ਵਿਚ ਖਾਸ ਮੁੱਦੇ—
ਖਾਸ ਮੁੱਦਿਆਂ ਬਾਰੇ ਗੱਲ ਕਰਦੇ ਹੋਏ ਅਮਰਜੋਤ ਸੰਧੂ ਨੇ ਕਿਹਾ ਕਿ ਪੀ.ਸੀ. ਪਾਰਟੀ ਵਿਚ ਖਾਸ ਮੁੱਦੇ ਹੈਲਥ ਕੇਅਰ, ਆਟੋ ਇੰਸ਼ੋਰੈਂਸ, ਨੌਕਰੀ ਦੇ ਮੌਕੇ, ਟਰੈਫਿਕ ਸਿਸਟਮ ਰਹਿਣਗੇ ਅਤੇ ਸਾਡੀ ਪਾਰਟੀ ਇਨ੍ਹਾਂ ਮੁੱਦਿਆਂ 'ਤੇ ਖਾਸ ਧਿਆਨ ਦੇਵੇਗੀ।


Related News