ਐਮਨੇਸਟੀ ਨੇ ਚੋਣਾਂ ਸੰਬੰਧੀ ਖਤਰਿਆਂ ''ਤੇ ਪਾਕਿ ਨੂੰ ਦਿੱਤੀ ਚਿਤਾਵਨੀ

06/15/2018 2:24:14 PM

ਨਿਊਯਾਰਕ/ਲਾਹੌਰ (ਬਿਊਰੋ)— ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ 'ਐਮਨੇਸਟੀ ਇੰਟਰਨੈਸ਼ਨਲ' ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ। ਇਸ ਚਿਤਾਵਨੀ ਵਿਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇਸ਼ ਵਿਚ ਹੋ ਰਹੀਆਂ ਗਲਤ ਕਾਰਵਾਈਆਂ ਨੂੰ ਜਲਦੀ ਤੋਂ ਜਲਦੀ ਖਤਮ ਕਰੇ। ਐਮਨੇਸਟੀ ਨੇ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਨੂੰ ਦੇਖਦੇ ਹੋਏ ਦੇਸ਼ ਵਿਚ ਮਨੁੱਖੀ ਅਧਿਕਾਰ ਕਾਰਕੁੰਨਾਂ, ਪੱਤਰਕਾਰਾਂ ਅਤੇ ਸਿਵਲ ਸੋਸਾਇਟੀ ਦੇ ਮੈਂਬਰਾਂ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਮਨੁੱਖੀ ਅਧਿਕਾਰਾਂ ਦੀ ਮੋਹਰੀ ਸੰਸਥਾ ਐਮਨੇਸਟੀ ਦਾ ਕਹਿਣਾ ਹੈ ਕਿ ਇਸਲਾਮਾਬਾਦ ਦੇ ਅਧਿਕਾਰੀਆਂ ਨੂੰ ਅਜਿਹੇ ਮਾਮਲਿਆਂ ਪ੍ਰਤੀ ਗੰਭੀਰ ਹੋ ਕੇ ਇਸ ਨੂੰ ਖਤਮ ਕਰਨਾ ਹੋਵੇਗਾ। 
ਐਮਨੇਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਪਾਕਿਸਤਾਨ ਵਿਚ ਜਾਰੀ ਮਨਮਰਜ਼ੀ ਵਾਲੀ ਗ੍ਰਿਫਤਾਰੀ, ਜ਼ਬਰਦਸਤੀ ਗੁੰਮਸ਼ੁਦਗੀ, ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲੇ ਨਾਲ ਉਹ ਡਰਿਆ ਹੋਇਆ ਹੈ। ਪਾਕਿਸਤਾਨ ਨੂੰ ਇਹ ਸਭ ਕੁਝ ਜਲਦੀ ਤੋਂ ਜਲਦੀ ਖਤਮ ਕਰਨਾ ਚਾਹੀਦਾ ਹੈ। ਐਮਨੇਸਟੀ ਇੰਟਰਨੈਸ਼ਨਲ ਵਿਚ ਦੱਖਣੀ ਏਸ਼ੀਆ ਦੇ ਉਪ ਨਿਦੇਸ਼ਕ ਦਿਨੁਸ਼ਿਕਾ ਦਿੱਸਾਨਾਇਕੇ ਨੇ ਕਿਹਾ,''ਪਾਕਿਸਤਾਨ ਵਿਚ ਮੂਲ ਆਜ਼ਾਦੀ 'ਤੇ ਲਗਾਤਾਰ ਹਮਲੇ ਹੁੰਦੇ ਹਨ।'' ਐਮਨੇਸਟੀ ਇੰਟਰਨੈਸ਼ਨਲ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ ਵਿਚ ਗ੍ਰਿਫਤਾਰ 37 ਕਾਰਕੁੰਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਇਹ ਕਾਰਕੁੰਨ ਪਸ਼ਤੂਨ ਤਹਫੁੱਜ਼ ਅੰਦਲੋਨ ਦੀ ਸ਼ਾਂਤੀਪੁਰਣ ਵਿਰੋਧ ਰੈਲੀ ਵਿਚ ਸ਼ਾਮਲ ਸਨ। ਦਿੱਸਾਨਾਇਕੇ ਨੇ ਕਿਹਾ,''ਸ਼ਾਂਤੀਪੂਰਣ ਵਿਰੋਧ ਕਾਰਕੁੰਨਾਂ ਦਾ ਅਧਿਕਾਰ ਹੈ। ਜਿਸ ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਕਾਨੂੰਨ ਅਤੇ ਪਾਕਿਸਤਾਨ ਸੰਵਿਧਾਨ ਵੱਲੋਂ ਸੁਰੱਖਿਅਤ ਕੀਤਾ ਜਾਂਦਾ ਹੈ।''


Related News