ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ, ਚੋਣਾਂ ਸਮੇਂ ਹੀ ਕਰਨਾ ਸੀ ਕਤਲ
Sunday, Jun 19, 2022 - 11:10 PM (IST)
ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ। ਮੁਲਜ਼ਮਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਹੀ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ। ਉਦੋਂ 4 ਲੋਕ ਮਾਨਸਾ ਦੇ ਪਿੰਡ ਰੱਲਾ ਵਿਚ ਠਹਿਰੇ ਸਨ। ਇਹ ਚਾਰੇ ਸ਼ਾਰਪ ਸ਼ੂਟਰ ਹੋ ਸਕਦੇ ਹਨ। ਪੁਲਸ ਨੇ ਇਨ੍ਹਾਂ ਨੂੰ ਠਹਿਰਣ ਲਈ ਜਗ੍ਹਾ ਦੇਣ ਵਾਲੇ ਗੈਂਗਸਟਰ ਮਨਮੋਹਨ ਸਿੰਘ ਮੋਹਣਾ ਨੂੰ ਪ੍ਰੋ਼ਡਕਸ਼ਨ ਵਾਰੰਟ ’ਤੇ ਲਿਆ ਹੈ। ਪੁਲਸ ਨੇ ਮੋਹਣੇ ਨੂੰ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਇਸ ਦਾ ਪੰਜ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਸੂਤਰਾਂ ਮੁਤਾਬਕ ਮੋਹਣਾ ਨੇ ਜਨਵਰੀ-ਫਰਵਰੀ ਮਹੀਨਿਆਂ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ। ਮਾਨਸਾ ਦਾ ਹੋਣ ਕਾਰਨ ਉਸ ਨੂੰ ਰੇਕੀ ਦਾ ਕੰਮ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਹਮਲਾਵਰਾਂ ਨੂੰ ਸਾਰੀ ਜਾਣਕਾਰੀ ਦਿੱਤੀ। ਜਨਵਰੀ ਵਿਚ ਵੀ ਇਸ ਨੇ ਰੇਕੀ ਕਰਵਾਈ ਸੀ। ਚੋਣਾਂ ਸਮੇਂ ਮੂਸੇਵਾਲਾ ਦੀਆਂ ਰੈਲੀਆਂ ਅਤੇ ਲੋਕਾਂ ਨੂੰ ਮਿਲਣ ਦੀ ਸਾਰੀ ਜਾਣਕਾਰੀ ਅੱਗੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੇਲ ’ਚ ਗੈਂਗਵਾਰ, ਰੇਕੀ ਕਰਨ ਵਾਲੇ ਕੇਕੜਾ ’ਤੇ ਬੰਬੀਹਾ ਗਰੁੱਪ ਦਾ ਹਮਲਾ
ਜਨਵਰੀ ’ਚ ਚਾਰ ਬਦਮਾਸ਼ ਆਏ ਸੀ ਹਾਲਾਤ ਦੇਖਣ
ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ 4 ਬਦਮਾਸ਼ ਜਨਵਰੀ ਵਿਚ ਮਾਨਸਾ ਪਹੁੰਚੇ ਸਨ। ਇਹ ਚਾਰੇ ਮੋਹਣਾ ਦੇ ਘਰ ਠਹਿਰੇ ਸਨ। ਉਸ ਸਮੇਂ ਮੋਹਣੇ ਨੇ ਵੀ ਚੋਣਾਂ ਸਮੇਂ ਮੂਸੇਵਾਲਾ ਦੀ ਰੇਕੀ ਕੀਤੀ ਸੀ। ਇਹ ਚਾਰੇ ਬਦਮਾਸ਼ ਵੱਖ ਵੱਖ ਸਮੇਂ ’ਤੇ ਮੂਸੇਵਾਲਾ ਨੂੰ ਦੇਖਣ ਗਏ ਸਨ। ਹਾਲਾਂਕਿ ਉਸ ਸਮੇਂ ਚੋਣਾਂ ਕਾਰਣ ਮੂਸੇਵਾਲਾ ਦੀ ਸੁਰੱਖਿਆ ਸਖ਼ਤ ਸੀ ਅਤੇ ਇਕ ਪਾਇਲਟ ਅਤੇ 10 ਕਮਾਂਡੋ ਉਨ੍ਹਾਂ ਨੂੰ ਮਿਲੇ ਹੋਏ ਸਨ। ਜਿਸ ਕਾਰਣ ਗੈਂਗਸਟਰਾਂ ਨੂੰ ਹਮਲਾ ਕਰਨ ਦਾ ਮੌਕਾ ਨਹੀਂ ਮਿਲਿਆ। ਚੋਣਾਂ ਵਿਚ ਮੂਸੇਵਾਲਾ ਦੀ ਹਾਰ ਅਤੇ ਸਰਕਾਰ ਵੱਲੋਂ ਸੁਰੱਖਿਆ ਘਟਾਉਣ ਤੋਂ ਬਾਅਦ ਹਮਲਾਵਰ ਫਿਰ ਸਰਗਰਮ ਹੋ ਗਏ ਅਤੇ ਮੌਕਾ ਮਿਲਦਿਆਂ ਹੀ ਉਨ੍ਹਾਂ ਨੇ 29 ਮਈ ਨੂੰ ਮੂਸੇਵਾਲਾ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਦੋਸ਼, ਥਰਡ ਡਿਗਰੀ ਇਸਤੇਮਾਲ ਕਰ ਰਹੀ ਪੰਜਾਬ ਪੁਲਸ, ਲਾਰੈਂਸ ਦੀ ਜਾਨ ਨੂੰ ਖ਼ਤਰਾ
ਕੌਣ ਹੈ ਮੋਹਣਾ
ਗੈਂਗਸਟਰ ਮੋਹਣਾ ਟਰੱਕ ਯੂਨੀਅਨ ਦਾ ਪ੍ਰਧਾਨ ਰਹਿ ਚੁੱਕਾ ਹੈ ਅਤੇ ਇਸ ਸਮੇਂ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿਚ ਬੰਦ ਹੈ, ਜਿੱਥੋਂ ਪੁਲਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਮੋਹਣਾ ’ਤੇ ਕਤਲ ਅਤੇ ਇਰਾਦਾ ਕਤਲ ਤੋਂ ਇਲਾਵਾ ਕਈ ਅਪਰਾਧਿਕ ਮਾਮਲੇ ਦਰਜ ਹਨ। ਮੋਹਣੇ ਨੂੰ ਮਾਰਚ ਮਹੀਨੇ ਦੌਰਾਨ ਪਟਿਆਲਾ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਹਿਲਾਂ ਉਹ ਕਬੱਡੀ ਖਿਡਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਹੀ ਮੂਸੇਵਾਲਾ ਦੇ ਪਿੰਡ ਮੂਸਾ ਤੋਂ ਪੰਜਾਬ ਅਤੇ ਹਰਿਆਣਾ ਵੱਲ ਭੱਜਣ ਲਈ ਸਾਰੇ ਰਸਤੇ ਦੀ ਜਾਣਕਾਰੀ ਦਿੱਤੀ। ਪੁਲਸ ਨੂੰ ਸ਼ੱਕ ਹੈ ਕਿ ਜਿਸ ਰੂਟ ਪਲਾਨ ਨੂੰ ਫਾਲੋ ਕਰਕੇ ਮੂਸੇਵਾਲਾ ਦੇ ਕਾਤਲ ਭੱਜੇ ਸਨ, ਉਹ ਰੂਟ ਮੋਹਣੇ ਨੇ ਹੀ ਤਿਆਰ ਕੀਤਾ ਸੀ। ਹੁਣ ਪੁਲਸ ਲਾਰੈਂਸ ਬਿਸ਼ਨੋਈ ਅਤੇ ਮੋਹਣੇ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਸ ਦੀ ਸਟੇਟਸ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।