ਟਰਾਲੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ
Friday, Sep 22, 2023 - 05:00 PM (IST)

ਸਮਾਣਾ (ਦਰਦ) : ਸਮਾਣਾ ਦੀ ਅਨਾਜ ਮੰਡੀ ਵਿਖੇ ਟਰੈਕਟਰ-ਟਰਾਲੀ ਹੇਠਾਂ ਆਉਣ ਨਾਲ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਪਛਾਣ ਨਵੀਨ ਕੁਮਾਰ ਵਜੋਂ ਹੋਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਾਣਕਾਰੀ ਦਿੰਦਿਆਂ ਵਾਰਿਸਾਂ ਭੁਪਿੰਦਰ ਰਾਏ ਅਤੇ ਵਿਨੇਸ਼ ਨੇ ਦੱਸਿਆ ਕਿ ਮ੍ਰਿਤਕ ਨਵੀਨ ਕੁਮਾਰ (18) ਚੱਲਦੇ ਟਰੈਕਟਰ ’ਤੇ ਚੜ੍ਹ ਰਿਹਾ ਸੀ।
ਅਚਾਨਕ ਉਸ ਦਾ ਪੈਰ ਫਿਸਲ ਜਾਣ ਕਾਰਨ ਉਹ ਜ਼ਮੀਨ ’ਤੇ ਡਿੱਗ ਗਿਆ ਅਤੇ ਟਰਾਲੀ ਦੇ ਦੋਵੇਂ ਟਾਇਰ ਉਸ ਦੇ ਉੱਪਰ ਦੀ ਲੰਘ ਗਏ, ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਅਨੁਸਾਰ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।