ਹੈਲਿਕਸ ਆਕਸਫੋਰਡ ਸਕੂਲ ਦੇ 28 ਸਟਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ
Saturday, Oct 18, 2025 - 05:15 PM (IST)

ਪਾਤੜਾਂ (ਸੁਖਦੀਪ ਸਿੰਘ ਮਾਨ) : 'ਦ ਹੈਲਿਕਸ ਆਕਸਫੋਰਡ ਸਮਾਰਟ ਸਕੂਲ, ਪਾਤੜਾਂ' ਵੱਲੋਂ ਅੱਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤਮ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਲਈ ਇਕ ਯਾਦਗਾਰੀ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਕੂਲ ਦੀ ਵਿਦਿਆਰਥਣ ਸਾਨੀਆ ਬਾਂਸਲ ਨੇ ਟਾਪ ਰੈਂਕ ਹਾਸਲ ਕਰਕੇ ਇੰਜੀਨੀਅਰਿੰਗ ਦੇ 'ਡ੍ਰੀਮ ਕਾਲਜ' ਆਈ.ਆਈ.ਟੀ., ਰੁੜਕੀ ਵਿੱਚ ਦਾਖਲਾ ਲੈ ਕੇ ਸਕੂਲ, ਮਾਪਿਆਂ ਅਤੇ ਪੂਰੇ ਹਲਕੇ ਦਾ ਨਾਂ ਰੌਸ਼ਨ ਕੀਤਾ।
"ਕੌਫੀ ਪ੍ਰਿੰਸੀਪਲ ਦੇ ਨਾਲ" ਦੇ ਨਾਮ ਹੇਠ ਆਯੋਜਿਤ ਇਸ ਪ੍ਰੋਗਰਾਮ ਵਿਚ 28 ਸਫਲ ਵਿਦਿਆਰਥੀ ਆਪਣੇ ਮਾਪਿਆਂ ਨਾਲ ਸ਼ਾਮਲ ਹੋਏ। ਪ੍ਰਿੰਸੀਪਲ ਮੈਡਮ ਅਮਰਜੋਤ ਕੌਰ ਹਰੀਕਾ ਨੇ ਨਿੱਜੀ ਤੌਰ 'ਤੇ ਕੌਫੀ ਦੀ ਸਾਂਝ ਪਾ ਕੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਆਪਣੇ ਬਰਾਬਰ ਦੀ ਪਦਵੀ ਦਾ ਅਹਿਸਾਸ ਕਰਵਾਇਆ ਗਿਆ।
ਸਨਮਾਨਿਤ ਵਿਦਿਆਰਥੀਆਂ ਦਾ ਵੇਰਵਾ
ਕੁੱਲ 28 ਸਨਮਾਨਿਤ ਵਿਦਿਆਰਥੀਆਂ ਵਿਚੋਂ : 6 ਨੇ ਐੱਮ.ਬੀ.ਬੀ.ਐੱਸ, 7 ਨੇ ਇੰਜੀਨੀਅਰਿੰਗ (4 ਆਈ.ਆਈ.ਟੀ. ਅਤੇ 3 ਹੋਰ ਇੰਜੀਨੀਅਰਿੰਗ ਕਾਲਜ), 4 ਨੇ ਐੱਨ.ਆਈ.ਟੀ. ਅਤੇ 11 ਨੇ ਸੀ.ਏ. ਤੇ ਲਾਅ ਸਮੇਤ ਹੋਰ ਖੇਤਰਾਂ ਵਿਚ ਦਾਖਲੇ ਪ੍ਰਾਪਤ ਕੀਤੇ। ਡਾਇਰੈਕਟਰ ਮੈਡਮ ਦਵਿੰਦਰ ਕੌਰ ਨੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਵਾਇਸ ਪ੍ਰਿੰਸੀਪਲ ਮੈਡਮ ਮੰਨਤ ਕੌਰ ਹਰੀਕਾ ਨੇ ਸਕੂਲ ਦੇ ਉਸਾਰੀ ਅਧੀਨ ਚੱਲ ਰਹੇ ਅੰਤਰਰਾਸ਼ਟਰੀ ਪੱਧਰ ਦੇ 'ਪਲੇਅ ਵੇਅ ਵਿੰਗ', ਆਡੀਟੋਰੀਅਮ ਅਤੇ 'ਏ.ਸੀ. ਟਰੈਂਪੋਲਿਨ ਪਾਰਕ' ਵਰਗੇ ਨਵੇਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ, ਜੋ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਲਾਹੇਵੰਦ ਹੋਣਗੇ। ਇਹ ਸਨਮਾਨ ਸਮਾਰੋਹ ਵਿਦਿਆਰਥੀਆਂ ਲਈ ਆਪਣੇ ਅਧਿਆਪਕਾਂ ਅਤੇ ਦੋਸਤਾਂ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦਾ ਇੱਕ ਖੁਸ਼ੀ ਭਰਿਆ ਮੌਕਾ ਸੀ, ਜਿਸ ਨੇ ਸਕੂਲ ਅਤੇ ਸਾਬਕਾ ਵਿਦਿਆਰਥੀਆਂ ਵਿਚਕਾਰ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ।