ਨਾਭਾ ਪੁਲਸ ਨੇ 2 ਸਾਲਾਂ ਦੌਰਾਨ ਨਸ਼ਾ-ਸਮੱਗਲਿੰਗ ਦੇ 144 ਮਾਮਲੇ ਕੀਤੇ ਦਰਜ

07/04/2022 6:29:32 PM

ਨਾਭਾ (ਜੈਨ) : ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਜ਼ਬਰਦਸਤ ਮੁਹਿੰਮ ਆਰੰਭ ਕੀਤੀ ਗਈ ਹੈ। ਐੱਸ. ਐੱਸ. ਪੀ. ਵੱਲੋਂ ਜਾਰੀ ਨਿਰਦੇਸ਼ਾਂ ਅਧੀਨ ਥਾਂ-ਥਾਂ ਚੈਕਿੰਗ ਕੀਤੀ ਜਾ ਰਹੀ ਹੈ। ਚਿੱਟਾ, ਹੈਰੋਇਨ, ਅਫੀਮ, ਭੁੱਕੀ ਤੇ ਨਸ਼ੇ ਵਾਲੀਆਂ ਗੋਲੀਆਂ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ।

ਛਿੱਬੜ ਨੇ ਦੱਸਿਆ ਕਿ ਪਿਛਲੇ 24 ਮਹੀਨਿਆਂ ਦੌਰਾਨ ਨਸ਼ਾ-ਸਮੱਗਲਿੰਗ ਦੇ 144 ਮਾਮਲੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਦਰਜ ਕਰ ਕੇ 168 ਸਮੱਗਲਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ ਹੈ, ਜਿਸ ’ਚੋਂ 119 ਮਾਮਲੇ ਪਿੰਡ ਰੋਹਟੀ ਛੰਨਾ ਦੇ ਸਮੱਗਲਰਾਂ ਖ਼ਿਲਾਫ ਦਰਜ ਹੋਏ। ਉਨ੍ਹਾਂ ਦੱਸਿਆ ਕਿ ਪਿਛਲੇ 10 ਦਿਨਾਂ ਦੌਰਾਨ ਅੱਧੀ ਦਰਜਨ ਤੋਂ ਵੱਧ ਸਮੱਗਲਰ ਗ੍ਰਿਫ਼ਤਾਰ ਕਰ ਕੇ ਲਗਭਗ 90 ਹਜ਼ਾਰ ਗੋਲੀਆਂ (ਨਸ਼ੇ ਵਾਲੀਆਂ) ਬਰਾਮਦ ਹੋਈਆਂ। ਅਨੇਕ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਸਤਾਵ ਪਾਸ ਕੀਤੇ ਹਨ ਕਿ ਨਸ਼ਾ-ਸਮੱਗਲਰਾਂ ਦੀ ਨਾ ਹੀ ਜ਼ਮਾਨਤ ਲਈ ਪੈਰਵੀ ਕੀਤੀ ਜਾਵੇਗੀ ਅਤੇ ਨਾ ਹੀ ਗਵਾਹੀ ਦਿੱਤੀ ਜਾਵੇਗੀ।


Gurminder Singh

Content Editor

Related News