ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ
Tuesday, Mar 24, 2026 - 07:03 PM (IST)
ਪਟਿਆਲਾ: ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਪ੍ਰਿੰਸੀਪਲ ਪ੍ਰੋਫ਼ੈਸਰ (ਡਾ.) ਵਨੀਤਾ ਰਾਣੀ ਜੀ ਦੀ ਅਗਵਾਈ ਹੇਠ ਕਾਲਜ ਦੇ ਰੈਡ ਰੀਬਨ ਕਲੱਬ ਅਤੇ ਐਨ.ਐਸ.ਐਸ. ਵਿਭਾਗ ਵੱਲੋਂ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨਾਲ ਖੂਨਦਾਨ ਦੇ ਪਿਛੋਕੜ ਅਤੇ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਕੈਂਪ ਵਿਚ ਐੱਸ.ਡੀ. ਐੱਮ. ਗੁਰਦੇਵ ਸਿੰਘ ਧੰਮ (ਮੁੱਖ ਮਹਿਮਾਨ) ਡਾਇਰੈਕਟਰ ਡਾ. ਮਲਕੀਤ ਸਿੰਘ ਮਾਨ ਨੇ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਐੱਸ.ਡੀ.ਐਮ ਪਟਿਆਲਾ ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕਰਕੇ ਸ਼ਰਧਾਂਜਲੀ ਭੇਟ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਦਿੱਤੇ ਖੂਨਦਾਨ ਕਰਨ ਨਾਲ ਚਾਰ ਜ਼ਿੰਦਗੀਆਂ ਬਚ ਸਕਦੀਆਂ ਹਨ। ਇਸ ਲਈ ਹਰ ਤੰਦਰੁਸਤ ਇਨਸਾਨ ਜਿਸ ਦੀ ਉਮਰ 18 ਸਾਲ ਤੋਂ 65 ਸਾਲ ਅਤੇ ਸਰੀਰਕ ਭਾਰ 45 ਕਿਲੋ ਤੋਂ ਉਪਰ ਹੈ ਅਤੇ ਖੂਨ ਦੀ ਮਾਤਰਾ 12-15 ਗ੍ਰਾਮ ਤੋਂ ਉਪਰ ਹੈ ਉਹੋ ਵਿਅਕਤੀ ਸਾਲ ਵਿੱਚ ਚਾਰ ਵਾਰ ਖੂਨਦਾਨ ਕਰ ਸਕਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨੀ ਪ੍ਰਮਾਤਮਾ ਵਲੋਂ ਭੇਜੇ ਫਰਿਸ਼ਤੇ ਸਮਾਨ ਹੁੰਦੇ ਹਨ ਜੋ ਆਪਣਾ ਖੂਨਦਾਨ ਕਰਕੇ ਬੇਸ਼ਕੀਮਤੀ ਜਾਨਾਂ ਬਚਾਉਣ ਲਈ ਅੱਗੇ ਆਉਂਦੇ ਹਨ।
ਇਸ ਮੌਕੇ ਸਰਕਾਰੀ ਰਾਜਿੰਦਰਾ ਹਸਪਤਾਲ ਬਲੱਡ ਬੈਂਕ ਵੱਲੋਂ 79 ਯੂਨਿਟ ਬਲੱਡ ਇੱਕਤਰ ਕੀਤਾ ਗਿਆ। ਇਸ ਖੂਨਦਾਨ ਕੈਂਪ ਦੀ ਵਿਸ਼ੇਸ਼ਤਾ ਇਹ ਰਹੀ ਕਿ 35 ਲੜਕੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਅਸਿ. ਪ੍ਰੋਫੈਸਰ ਜਗਦੇਵ ਸਿੰਘ, ਅਸਿ. ਪ੍ਰੋਫੈਸਰ ਮੂਰਤੀ ਕੌਰ (ਐਨ.ਐਸ.ਐਸ. ਪ੍ਰੋਗਰਾਮ ਅਫਸਰ), ਡਾ. ਪ੍ਰੀਤੀ ਭਾਟੀਆ, ਡਾ. ਏਕਤਾ ਸ਼ਰਮਾ (ਇੰਚਾਰਜ ਰੈਡ ਰੀਬਨ ਕਲੱਬ), ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਮੈਂਬਰ ਜ਼ਿਲ੍ਹਾ ਸਾਂਝ ਕੇਂਦਰ, ਮੈਂਬਰ ਯੁਵਾ ਸਾਂਝ ਕਮੇਟੀ ਅਤੇ ਵੱਖ ਵੱਖ ਕਾਲਜਾਂ ਦੇ ਨੋਡਲ ਇੰਚਾਰਜ ਸ਼ਾਮਿਲ ਹੋਏ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ।
