ਪਾਕਿ : ਜੂਨ ''ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ''ਚ ਹੋ ਸਕਦੈ ਭਾਰੀ ਵਾਧਾ
Friday, May 31, 2019 - 02:00 PM (IST)

ਇਸਲਾਮਾਬਾਦ—ਪਾਕਿਸਤਾਨ 'ਚ ਤੇਲ ਅਤੇ ਗੈਸ ਦੀਆਂ ਕੀਮਤਾਂ 'ਚ ਸੋਧ ਦੀ ਸਿਫਾਰਿਸ਼ ਕਰਨ ਵਾਲੇ ਤੇਲ ਅਤੇ ਗੈਸ ਰੈਗੂਲੇਟਰ ਅਥਾਰਿਟੀ (ਓਗਰਾ) ਨੇ ਇਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰਨ ਦੀ ਸਿਫਾਰਿਸ਼ ਕੀਤੀ ਹੈ। ਜਿਓ ਨਿਊਜ਼ ਮੁਤਾਬਕ ਓਗਰਾ ਨੇ ਜੂਨ ਮਹੀਨੇ ਲਈ ਪੈਟਰੋਲ ਦੀ ਕੀਮਤ 'ਚ 8.53 ਰੁਪਏ ਪ੍ਰਤੀ ਲੀਟਰ ਅਤੇ ਹਾਈ ਸਪੀਡ ਡੀਜ਼ਲ ਦੀ ਕੀਮਤ 'ਚ 8.99 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦੀ ਸਿਫਾਰਿਸ਼ ਕੀਤੀ ਹੈ। ਪਾਕਿਸਤਾਨ 'ਚ ਹਰੇਕ ਮਹੀਨੇ ਦੀ ਪਹਿਲੀ ਤਾਰੀਕ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਸੋਧ ਕੀਤਾ ਜਾਂਦਾ ਹੈ। ਸੂਤਰਾਂ ਮੁਤਾਬਕ ਇਸ ਦੇ ਇਲਾਵਾ ਓਗਰਾ ਨੇ ਮਿੱਟੀ ਦੇ ਤੇਲ ਦੀ ਕੀਮਤ 1.69 ਰੁਪਏ ਪ੍ਰਤੀ ਲੀਟਰ ਅਤੇ ਹਲਕੇ ਡੀਜ਼ਲ ਦੀ ਕੀਮਤ 1.68 ਰੁਪਏ ਪ੍ਰਤੀ ਲੀਟਰ ਵਧਾਉਣ ਦੀ ਸਿਫਾਰਿਸ਼ ਕੀਤੀ ਹੈ। ਓਗਰਾ ਦੀ ਸਿਫਾਰਿਸ਼ 'ਤੇ ਅੰਤਿਮ ਫੈਸਲਾ ਪਾਕਿਸਤਾਨ ਦੀ ਸਰਕਾਰ ਕਰਦੀ ਹੈ। ਪਾਕਿਸਤਾਨ 'ਚ ਫਿਲਹਾਲ ਪੈਟਰੋਲ ਦੀ ਕੀਮਤ 108 ਰੁਪਏ ਪ੍ਰਤੀ ਲੀਟਰ ਹੈ। ਮਈ ਮਹੀਨੇ 'ਚ ਪੈਟਰੋਲ ਦੀ ਕੀਮਤ 'ਚ ਨੌ ਰੁਪਏ 14 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਪਾਕਿਸਤਾਨ 'ਚ ਡੀਜ਼ਲ ਦੀ ਕੀਮਤ 122.32 ਰੁਪਏ ਹੈ ਅਤੇ ਮਈ ਮਹੀਨੇ 'ਚ ਇਸ 'ਚ 4.89 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।