ਦੇਸ਼ ਦੇ 10 ਸਭ ਤੋਂ ਲੰਮੇ ਕਾਰਜਕਾਲ ਵਾਲੇ ਮੁੱਖ ਮੰਤਰੀਆਂ ’ਚ ਨਿਤੀਸ਼ ਕੁਮਾਰ ਸ਼ਾਮਲ
Thursday, Nov 20, 2025 - 11:24 PM (IST)
ਪਟਨਾ, (ਭਾਸ਼ਾ)- ਦੇਸ਼ ’ਚ ਸ਼ਾਇਦ ਹੀ ਕਿਸੇ ਮੁੱਖ ਮੰਤਰੀ ਨੇ ਇੰਨੀ ਵਾਰ ਸਹੁੰ ਚੁੱਕੀ ਹੋਵੇਗੀ, ਜਿੰਨੀ ਵਾਰ ਬਿਹਾਰ ਦੇ ਸਭ ਤੋਂ ਲੰਮੇ ਸਮੇਂ ਤੱਕ ਕਾਰਜਕਾਲ ਵਾਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਚੁੱਕੀ ਹੈ।
ਨਿਤੀਸ਼ (74) ਨੇ ਵੀਰਵਾਰ ਨੂੰ 10ਵੀਂ ਵਾਰ ਸੀ. ਐੱਮ. ਅਹੁਦੇ ਦੀ ਸਹੁੰ ਚੁੱਕਣ ਦੇ ਨਾਲ ਆਪਣੇ 19 ਸਾਲਾ ਲੰਮੇ ਕਾਰਜਕਾਲ ਦਾ ਵਿਸਥਾਰ ਕਰਦੇ ਹੋਏ ਸਭ ਤੋਂ ਲੰਮੇ ਸਮੇਂ ਤੱਕ ਸੱਤਾ ’ਚ ਰਹਿਣ ਵਾਲੇ ਦੇਸ਼ ਦੇ ਚੋਟੀ ਦੇ 10 ਮੁੱਖ ਮੰਤਰੀਆਂ ਦੀ ਸੂਚੀ ’ਚ ਵੀ ਜਗ੍ਹਾ ਬਣਾ ਲਈ।
1951 ’ਚ ਬਿਹਾਰ ਦੇ ਬਖਤੀਯਾਰਪੁਰ ’ਚ ਜਨਮੇ ਕੁਮਾਰ ਨੇ ਜੇ. ਪੀ. ਅੰਦੋਲਨ ਦੌਰਾਨ ਰਾਜਨੀਤੀ ’ਚ ਕਦਮ ਰੱਖਿਆ ਸੀ। 1977 ’ਚ ਉਹ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੇ ਪਰ ਜਿੱਤ 1985 ’ਚ ਮਿਲੀ। ਲੱਗਭਗ 5 ਦਹਾਕਿਆਂ ਦੇ ਲੰਮੇ ਰਾਜਨੀਤਿਕ ਕਰੀਅਰ ’ਚ ਵਾਰ-ਵਾਰ ਪਾਲਾ ਬਦਲਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ‘ਪਲਟੂ ਰਾਮ’ ਕਿਹਾ ਜਾਣ ਲੱਗਾ, ਜਦੋਂ ਕਿ ਚੰਗੇ ਸ਼ਾਸਨ ਲਈ ਉਨ੍ਹਾਂ ਨੂੰ ‘ਸੁਸ਼ਾਸਨ ਬਾਬੂ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਦੇਸ਼ ਦੀ ਰਾਜਨੀਤੀ ’ਚ ਇਕ ਨਵਾਂ ਅਧਿਆਏ ਖੋਲ੍ਹਦੇ ਹੋਏ ਕੁਮਾਰ ਹੁਣ ਉਨ੍ਹਾਂ ਨੇਤਾਵਾਂ ਦੀ ਸ਼੍ਰੇਣੀ ’ਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦਾ ਮੁੱਖ ਮੰਤਰੀ ਵਜੋਂ ਕਾਰਜਕਾਲ ਸਭ ਤੋਂ ਲੰਮਾ ਰਿਹਾ ਹੈ।
ਸਭ ਤੋਂ ਲੰਮੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਵਾਲੇ ਨੇਤਾ
1. ਸਿੱਕਮ : ਪਵਨ ਕੁਮਾਰ ਚਾਮਲਿੰਗ (25 ਸਾਲ ਤੋਂ ਵੱਧ)
2. ਓਡਿਸ਼ਾ : ਨਵੀਨ ਪਟਨਾਇਕ (24 ਸਾਲ ਤੋਂ ਵੱਧ)
3. ਪੱਛਮੀ ਬੰਗਾਲ : ਜੋਤੀ ਬਾਸੂ (23 ਸਾਲ ਤੋਂ ਵੱਧ)
4. ਅਰੁਣਾਚਲ ਪ੍ਰਦੇਸ਼ : ਗੇਗੋਂਗ ਅਪਾਂਗ (22 ਸਾਲ ਤੋਂ ਵੱਧ)
5. ਮਿਜ਼ੋਰਮ : ਲਾਲ ਥਨਹਾਵਲਾ (22 ਸਾਲ ਤੋਂ ਵੱਧ)
6. ਹਿਮਾਚਲ ਪ੍ਰਦੇਸ਼ : ਵੀਰਭੱਦਰ ਸਿੰਘ (21 ਸਾਲ ਤੋਂ ਵੱਧ)
7. ਤ੍ਰਿਪੁਰਾ : ਮਾਣਿਕ ਸਰਕਾਰ (19 ਸਾਲ ਤੋਂ ਵੱਧ)
8. ਬਿਹਾਰ : ਨਿਤੀਸ਼ ਕੁਮਾਰ (ਲੱਗਭਗ 19 ਸਾਲ)
9. ਤਾਮਿਲਨਾਡੂ : ਐੱਮ. ਕਰੁਣਾਨਿਧੀ (18 ਸਾਲ ਤੋਂ ਵੱਧ)
10. ਪੰਜਾਬ : ਪ੍ਰਕਾਸ਼ ਸਿੰਘ ਬਾਦਲ (18 ਸਾਲ ਤੋਂ ਵੱਧ)
