ਝਾਰਖੰਡ ‘ਚ 9ਵੀਂ ਪਾਤਸ਼ਾਹੀ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਪੁੱਜੇ ਅਕਾਲ ਤਖ਼ਤ ਦੇ ਜਥੇਦਾਰ

06/01/2022 6:29:23 PM

ਅੰਮ੍ਰਿਤਸਰ (ਬਿਊਰੋ) : ਝਾਰਖੰਡ ਦੇ ਜ਼ਿਲ੍ਹਾ ਚਤਰਾ ਦੇ ਸਿੱਖ ਆਬਾਦੀ ਵਾਲੇ ਦੋ ਪਿੰਡ ਕੇਦੁਲੀ ਅਤੇ ਡੂੰਮਰੀ ਕਲਾਂ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼ਾਮਿਲ ਹੋਣ ਲਈ ਉਚੇਚੇ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ। ਪਿੰਡ ਕੇਦੁਲੀ ਅਤੇ ਡੂੰਮਰੀ ਕਲਾਂ, ਉਹ ਪਿੰਡ ਹਨ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਦੌਰਾਨ ਸਜੇ ਸਿੱਖਾਂ ਦੀ ਅਬਾਦੀ ਹੈ।

ਇਹ ਵੀ ਪੜ੍ਹੋ :  ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ 2 ਤੋਂ 5 ਜੂਨ ਤੱਕ ਕਰਵਾਏ ਜਾਣਗੇ ਦਰਸ਼ਨ

ਜ਼ਿਕਰਯੋਗ ਹੈ ਕਿ ਪਿੰਡ ਕੇਦੁਲੀ ‘ਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਤਨ ਹੱਥਲਿਖਤ ਪਾਵਨ ਸਰੂਪ ਵੀ ਸ਼ੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਵਿਚ ਨਿਤਾਪ੍ਰਤੀ ਮਰਿਆਦਾ ਪਿੰਡ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਹੀ ਨਿਭਾਉਂਦੇ ਹਨ। ਗੁਰਬਾਣੀ ਪਾਠ ਤੇ ਕੀਰਤਨ ਇਹ ਨੌਜਵਾਨ ਕਰਦੇ ਹਨ। ਖ਼ਾਸ ਗੱਲ ਇਹ ਹੈ ਕਿ ਦੋਵਾਂ ਪਿੰਡਾਂ ਦੇ ਸਾਰੇ ਸਿੱਖ ਨੌਜਵਾਨ ਸਾਬਤ ਸੂਰਤ ਹਨ। ਕਿਰਤ ਕਰਕੇ ਆਪਣਾ ਜੀਵਨ ਗੁਜ਼ਾਰਨ ਕਰਨ ਵਾਲੇ ਇਹ ਸਿੱਖ ਸਿੱਖੀ ਰਹੁ-ਰੀਤਾਂ ਦੇ ਧਾਰਨੀ ਹਨ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਸ ਦਾ ਵੱਡਾ ਫੇਲੀਅਰ, ਇਕ ਮਹੀਨੇ ਪਹਿਲਾਂ ਦਿੱਲੀ ਪੁਲਸ ਨੇ ਦਿੱਤੀ ਸੀ ਚਿਤਾਵਨੀ

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਜਿੱਥੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਪਿੰਡਾਂ ਦੇ ਸਿੱਖਾਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਬਖ਼ਸ਼ੀ ਸਿੱਖੀ ਨੂੰ ਸੰਭਾਲਣ ‘ਤੇ ਪ੍ਰਸ਼ੰਸਾ ਕੀਤੀ ਉੱਥੇ ਸ਼੍ਰੋਮਣੀ ਕਮੇਟੀ ਵਲੋਂ ਦੋਵਾਂ ਪਿੰਡਾਂ ਲਈ ਢਾਈ- ਢਾਈ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਸ਼ੁਰੂ ਤੋਂ ਗੁਰੂ ਗ੍ਰੰਥ-ਗੁਰੂ ਪੰਥ ਨਾਲ ਵਿਸ਼ੇਸ਼ ਸਨੇਹ ਰਿਹਾ ਹੈ। ਗੁਰੂ ਸਾਹਿਬਾਨ ਵੀ ਪੰਜਾਬੋਂ ਦੂਰ ਰਹਿਣ ਵਾਲੇ ਸਿੱਖਾਂ ਨਾਲ ਡੂੰਘਾ ਪਿਆਰ ਰੱਖਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਮੁੱਚੇ ਵਿਸ਼ਵ ‘ਚ ਵੱਸਦੇ ਸਿੱਖਾਂ ਦਾ ਘਰ ਹੈ ਅਤੇ ਕਿਸੇ ਵੀ ਔਖੇ-ਭਾਰੇ ਸਮੇਂ ਪੰਜਾਬੋਂ ਬਾਹਰਲੇ ਸਿੱਖਾਂ ਦੀ ਇਮਦਾਦ ਕਰਨਾ ਪੰਜਾਬ ਦੇ ਸਿੱਖਾਂ ਤੇ ਸਿੱਖ ਸੰਸਥਾਵਾਂ ਦਾ ਮੁੱਢਲਾ ਫਰਜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਵੱਸੇ ਸਿੱਖਾਂ ਦੇ ਹਿੱਤਾਂ ਦੀ ਰਖਵਾਲੀ ਲਈ ਹਮੇਸ਼ਾ ਅਗਵਾਈ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਐਕਸ਼ਨ, ਜਾਰੀ ਕੀਤਾ ਇਹ ਹੁਕਮ

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਪਿੰਡ ਕੇਦੁਲੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਤੇ ਗੁਰਪ੍ਰੀਤ ਸਿੰਘ ਝੱਬਰ, ਧਰਮ ਪ੍ਰਚਾਰ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ, ਚੇਅਰਮੈਨ ਲਖਵਿੰਦਰ ਸਿੰਘ ਲੱਖਾ ਅਤੇ ਸੂਰਤ ਸਿੰਘ ਨਲਵਾ ਤੋਂ ਇਲਾਵਾ ਸਾਸਾਰਾਮ, ਟਾਟਾਨਗਰ ਤੇ ਦੁਰਗਾਪੁਰ ਦੇ ਵੱਡੀ ਗਿਣਤੀ ਪਤਵੰਤੇ ਸਿੱਖਾਂ ਨੇ ਸ਼ਮੂਲੀਅਤ ਕੀਤੀ। ਦੋਵਾਂ ਪਿੰਡਾਂ ਦੇ ਸਿੱਖਾਂ ਨੇ ਸਿੰਘ ਸਾਹਿਬਾਨ ਦਾ ਇੱਥੇ ਪੁੱਜਣ ‘ਤੇ ਸਨਮਾਨ ਕੀਤਾ। 

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


 


Harnek Seechewal

Content Editor

Related News