ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ 'ਤੇ ਹਮਲਾ, 11 ਵਾਰ ਮਾਰਿਆ ਚਾਕੂ; ਹਾਲਤ ਨਾਜ਼ੁਕ
Friday, Oct 14, 2022 - 10:57 AM (IST)

ਸਿਡਨੀ (ਭਾਸ਼ਾ) ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿਚ ਪੜ੍ਹਦਾ ਇਕ ਭਾਰਤੀ ਵਿਦਿਆਰਥੀ ਨਸਲੀ ਹਿੰਸਾ ਦਾ ਸ਼ਿਕਾਰ ਹੋ ਗਿਆ। ਇਸ ਹਮਲੇ 'ਚ ਉਸ 'ਤੇ ਚਾਕੂਆਂ ਨਾਲ ਕਈ ਵਾਰ ਕੀਤੇ ਗਏ। ਹਮਲਾਵਰ ਨੇ ਵਿਦਿਆਰਥੀ 'ਤੇ ਚਾਕੂ ਨਾਲ 11 ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। 28 ਸਾਲਾ ਸ਼ੁਭਮ ਗਰਗ ਮਕੈਨੀਕਲ ਇੰਜਨੀਅਰਿੰਗ ਵਿੱਚ ਪੀਐਚਡੀ ਦਾ ਵਿਦਿਆਰਥੀ ਹੈ। ਫਿਲਹਾਲ ਉਹ ਹਸਪਤਾਲ 'ਚ ਦਾਖਲ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਨੂੰ ਨਸਲੀ ਹਮਲਾ ਕਰਾਰ ਦਿੰਦਿਆਂ ਆਗਰਾ ਵਿੱਚ ਰਹਿੰਦੇ ਉਸ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਪਿਛਲੇ ਸੱਤ ਦਿਨਾਂ ਤੋਂ ਆਸਟ੍ਰੇਲੀਆ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜੇ ਤੱਕ ਹਾਸਲ ਨਹੀਂ ਸਕੇ।ਸਮਾਚਾਰ ਏਜਸੀ ਟਾਈਮਜ਼ ਆਫ ਇੰਡੀਆ ਅਨੁਸਾਰ, ਸ਼ੁਭਮ ਨੇ IIT ਮਦਰਾਸ ਤੋਂ ਆਪਣੀ ਬੈਚਲਰ ਆਫ਼ ਟੈਕਨਾਲੋਜੀ ਅਤੇ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪੂਰੀ ਕੀਤੀ ਅਤੇ 1 ਸਤੰਬਰ ਨੂੰ ਆਸਟ੍ਰੇਲੀਆ ਚਲਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਸ਼ੁਭਮ ਦੇ ਚਿਹਰੇ, ਛਾਤੀ ਅਤੇ ਪੇਟ 'ਤੇ ਕਈ ਜ਼ਖਮ ਹਨ। 27 ਸਾਲਾ ਇੱਕ ਸ਼ੱਕੀ ਨੂੰ ਅਪਰਾਧ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ 'ਕਤਲ ਦੀ ਕੋਸ਼ਿਸ਼' ਦਾ ਦੋਸ਼ ਲਗਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗੋਲੀਬਾਰੀ, ਇਕ ਪੁਲਸ ਅਧਿਕਾਰੀ ਸਮੇਤ 5 ਲੋਕਾਂ ਦੀ ਮੌਤ
ਸ਼ੁਭਮ ਦੇ ਪਿਤਾ ਰਾਮਨਿਵਾਸ ਗਰਗ ਨੇ ਕਿਹਾ ਕਿ ਸ਼ੁਭਮ ਦੇ ਆਸਟ੍ਰੇਲੀਆ ਵਿਚਲੇ ਦੋਸਤਾਂ ਨੇ ਪੁਸ਼ਟੀ ਕੀਤੀ ਹੈ ਕਿ ਨਾ ਤਾਂ ਉਹ ਅਤੇ ਨਾ ਹੀ ਸ਼ੁਭਮ ਹਮਲਾਵਰ ਨੂੰ ਜਾਣਦੇ ਸਨ। ਇਹ ਨਸਲੀ ਹਮਲਾ ਜਾਪਦਾ ਹੈ। ਅਸੀਂ ਭਾਰਤ ਸਰਕਾਰ ਨੂੰ ਮਦਦ ਦੀ ਬੇਨਤੀ ਕਰਦੇ ਹਾਂ।ਦੂਜੇ ਪਾਸੇ ਆਗਰਾ ਦੇ ਜ਼ਿਲ੍ਹਾ ਅਧਿਕਾਰੀ ਨਵਨੀਤ ਸਿੰਘ ਚਾਹਲ ਨੇ ਦੱਸਿਆ ਕਿ ਸ਼ੁਭਮ ਦੇ ਭਰਾ ਦੀ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਚੱਲ ਰਹੀ ਹੈ। ਅਸੀਂ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰ ਰਹੇ ਹਾਂ। ਸਿਡਨੀ ਵਿੱਚ ਦੂਤਘਰ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ। ਵੀਜ਼ਾ ਜਲਦੀ ਹੀ ਉਪਲਬਧ ਕਰਵਾਇਆ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਭਮ 6 ਅਕਤੂਬਰ ਨੂੰ ਕਰੀਬ 10 ਵਜੇ ਘਰ ਦਾ ਕਿਰਾਇਆ ਦੇਣ ਲਈ ਏ.ਟੀ.ਐਮ ਤੋਂ 800 ਡਾਲਰ ਕਢਵਾ ਕੇ ਕਮਰੇ ਵਿੱਚ ਜਾ ਰਿਹਾ ਸੀ। ਫਿਰ ਅਚਾਨਕ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਉਸ ਦੇ ਜਬਾੜੇ, ਪੇਟ ਸਮੇਤ ਸਰੀਰ ਦੇ ਕਈ ਹਿੱਸਿਆਂ ਵਿਚ 11 ਵਾਰ ਕੀਤੇ ਗਏ। ਇਸ ਹਮਲੇ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਡੇਲੀ ਟੈਲੀਗ੍ਰਾਫ ਅਖ਼ਬਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ 27 ਸਾਲਾ ਡੇਨੀਅਲ ਨੌਰਵੁੱਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ 'ਤੇ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ। ਅਖ਼ਬਾਰ ਮੁਤਾਬਕ ਡੇਨੀਅਲ ਦੇ ਘਰ ਤੋਂ ਕਈ ਚੀਜ਼ਾਂ ਬਰਾਮਦ ਹੋਈਆਂ ਹਨ ਅਤੇ ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
'ਦਿ ਕੋਵ' ਅਖ਼ਬਾਰ ਦੀ ਖ਼ਬਰ ਮੁਤਾਬਕ ਪੈਸੀਫਿਕ ਹਾਈਵੇਅ ਲੇਨ ਕੋਵ ਨੇੜੇ ਸ਼ੁਭਮ ਕੋਲ ਇਕ ਅਣਪਛਾਤਾ ਵਿਅਕਤੀ ਆਇਆ ਅਤੇ ਪੈਸੇ ਦੀ ਮੰਗ ਕਰਦੇ ਹੋਏ ਕਥਿਤ ਤੌਰ 'ਤੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਖ਼ਬਰਾਂ ਮੁਤਾਬਕ ਭਾਰਤੀ ਵਿਦਿਆਰਥੀ ਨੇ ਨੌਜਵਾਨ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਹਮਲਾਵਰ ਨੇ ਉਸ 'ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਫਿਰ ਫਰਾਰ ਹੋ ਗਿਆ। ਰਿਪੋਰਟਾਂ ਮੁਤਾਬਕ ਦੋਸ਼ੀ ਨੂੰ ਸੋਮਵਾਰ ਨੂੰ ਹੌਰਨਸਬੀ ਦੀ ਇਕ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।