ਭਾਰਤੀ ਦਵਾਈਆਂ ਨੇ ਬਣਾਇਆ ਨਵਾਂ ਰਿਕਾਰਡ, ਫਰਵਰੀ ਤੱਕ 2.7 ਲੱਖ ਕਰੋੜ ਦੀ ਬਰਾਮਦ

Sunday, Apr 05, 2026 - 12:14 AM (IST)

ਭਾਰਤੀ ਦਵਾਈਆਂ ਨੇ ਬਣਾਇਆ ਨਵਾਂ ਰਿਕਾਰਡ, ਫਰਵਰੀ ਤੱਕ 2.7 ਲੱਖ ਕਰੋੜ ਦੀ ਬਰਾਮਦ

ਹੈਦਰਾਬਾਦ, (ਭਾਸ਼ਾ)- ਭਾਰਤੀ ਫਾਰਮਾ ਸੈਕਟਰ ਲਗਾਤਾਰ ਰਿਕਾਰਡ ਬਣਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਵਿੱਤੀ ਸਾਲ ’ਚ ਫਰਵਰੀ ਤੱਕ ਭਾਰਤੀ ਫਾਰਮਾਸਿਊਟੀਕਲ ਬਰਾਮਦ ਲੱਗਭਗ 29 ਅਰਬ ਡਾਲਰ ਯਾਨੀ ਲੱਗਭਗ 2.7 ਲੱਖ ਕਰੋੜ ਰਹੀ, ਜੋ ਪਿਛਲੇ ਸਾਲ ਦੀ ਇਸੇ ਸਮਾਂ-ਹੱਦ ਦੀ ਤੁਲਨਾ ’ਚ 5 ਫੀਸਦੀ ਦੇ ਵਾਧੇ ਨੂੰ ਦਰਸਾਉਂਦੀ ਹੈ। ਫਾਰਮਾਸਿਊਟੀਕਲਜ਼ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ ਇੰਡੀਆ (ਫਾਰਮੇਕਸਿਲ) ਦੇ ਮਹਾਨਿਰਦੇਸ਼ਕ ਕੇ. ਰਾਜਾ ਭਾਨੂੰ ਨੇ ਕਿਹਾ ਕਿ ਇਹ ਸੈਕਟਰ, ਜਿਸ ਦਾ ਮੌਜੂਦਾ ਮੁੱਲ ਲੱਗਭਗ 60 ਅਰਬ ਡਾਲਰ ਹੈ, ਦੇ 2030 ਤੱਕ ਵਧ ਕੇ 130 ਅਰਬ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ।

ਕਿੰਨੀ ਰਹੀ ਦਰਾਮਦ?

ਉਨ੍ਹਾਂ ਕਿਹਾ ਕਿ ਗਲੋਬਲ ਚੁਣੌਤੀਆਂ ਦੇ ਬਾਵਜੂਦ ਫਾਰਮਾਸਿਊਟੀਕਲ ਬਰਾਮਦ ਉਨ੍ਹਾਂ ਕੁਝ ਸੈਕਟਰਾਂ ਵਿਚੋਂ ਇਕ ਰਹੀ ਹੈ ਜਿਸ ਨੇ ਆਪਣੀ ਵਿਕਾਸ ਗਤੀ ਨੂੰ ਬਣਾਈ ਰੱਖਿਆ ਹੈ। ਵਿੱਤੀ ਸਾਲ 2026 ਦੀ ਅਪ੍ਰੈਲ-ਫਰਵਰੀ ਸਮਾਂ-ਹੱਦ ਦੌਰਾਨ ਫਾਰਮਾਸਿਊਟੀਕਲ ਬਰਾਮਦ 28.29 ਅਰਬ ਡਾਲਰ ਰਹੀ, ਜੋ ਵਿੱਤੀ ਸਾਲ 25 ਦੀ ਇਸੇ ਸਮਾਂ-ਹੱਦ ਦੀ ਤੁਲਨਾ ’ਚ 5.6 ਫੀਸਦੀ ਦਾ ਵਾਧਾ ਦਰਸਾਉਂਦੀ ਹੈ। ਇਸ ਵਾਧੇ ਵਿਚ ਫਾਰਮੂਲੇਸ਼ਨ, ਬਾਇਓਲਾਜਿਕਲਜ਼, ਟੀਕੇ ਅਤੇ ਆਯੂਸ਼ ਉਤਪਾਦਾਂ ਦਾ ਮੁੱਖ ਯੋਗਦਾਨ ਰਿਹਾ। ਅਧਿਕਾਰੀ ਨੇ ਅੱਗੇ ਦੱਸਿਆ ਕਿ ਵਿੱਤੀ ਸਾਲ 2024 ’ਚ ਬਰਾਮਦ 30.47 ਅਰਬ ਡਾਲਰ ਤੱਕ ਪੁੱਜ ਗਈ, ਜੋ ਗਲੋਬਲ ਪ੍ਰਾਈਸ ਪ੍ਰੈਸ਼ਰਜ਼ ਤੇ ਵਪਾਰ ’ਚ ਉਤਰਾਅ-ਚੜ੍ਹਾਅ ਦੇ ਬਾਵਜੂਦ ਸਾਲ-ਦਰ-ਸਾਲ ਆਧਾਰ ’ਤੇ 9.4 ਫੀਸਦੀ ਦਾ ਵਿਕਾਸ ਦਰਸਾਉਂਦੀ ਹੈ।

ਫਰਵਰੀ ’ਚ ਕੁਝ ਇਵੇਂ ਦਿਸੇ ਅੰਕੜੇ

ਜੇ ਗੱਲ ਮਾਰਕੀਟ ਰਿਸਰਚ ਫਰਮ ਫਾਰਮਾਰੈਕ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਇਸ ਸਾਲ ਫਰਵਰੀ ’ਚ ਭਾਰਤੀ ਫਾਰਮਾਸਿਊਟੀਕਲ ਮਾਰਕੀਟ (ਆਈ. ਪੀ. ਐੱਮ.) ’ਚ 11 ਫੀਸਦੀ ਦਾ ਵਾਧਾ ਹੋਇਆ, ਜਿਸ ’ਚ ਮੁੱਖ ਥੈਰੇਪੀਜ਼ ’ਚ ਕੀਮਤ ਪੱਖੋਂ ਚੰਗਾ ਵਾਧਾ ਦੇਖਣ ਨੂੰ ਮਿਲਿਆ। ਇਨ੍ਹਾਂ ਵਿਚੋਂ ਐਂਟੀ-ਡਾਇਬਟਿਕ, ਕਾਰਡਿਅਕ ਤੇ ਐਂਟੀ-ਇਨਫੈਕਟਿਵ ਥੈਰੇਪੀਜ਼ ’ਚ ਕ੍ਰਮਵਾਰ 15.5 ਫੀਸਦੀ, 14.8 ਫੀਸਦੀ ਅਤੇ 7.6 ਫੀਸਦੀ ਦਾ ਚੰਗਾ ਵਾਧਾ ਦੇਖਣ ਨੂੰ ਮਿਲਿਆ, ਜਿਸ ਨਾਲ ਕੁੱਲ ਆਈ. ਪੀ. ਐੱਮ. ਵਾਧੇ ਨੂੰ ਹੁਲਾਰਾ ਮਿਲਿਆ। ਫਾਰਮਾਰੈਕ ਦੀ ਵਾਈਸ-ਪ੍ਰੈਜ਼ੀਡੈਂਟ (ਕਮਰਸ਼ੀਅਲ) ਸ਼ੀਤਲ ਸਪੇਲੇ ਨੇ ਕਿਹਾ ਿਕ ਮੁੱਖ ਥੈਰੇਪੀਜ਼ ’ਚ ਵਾਧੇ ਦੇ ਤਿੰਨ ਮੁੱਖ ਕਾਰਕਾਂ (ਨਵੇਂ ਪ੍ਰੋਡਕਟਸ ਦੀ ਸ਼ੁਰੂਆਤ, ਕੀਮਤ ਤੇ ਵਾਲਿਊਮ) ’ਚ ਚੰਗਾ ਵਾਧਾ ਦੇਖਣ ਨੂੰ ਮਿਲਿਆ। ਉਨ੍ਹਾਂ ਅੱਗੇ ਕਿਹਾ ਕਿ ਮਾਰਕੀਟ ’ਚ ਮੰਗ ਕਾਰਨ ਚੰਗਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮਾਰਚ 2025 ਤੋਂ ਫਰਵਰੀ 2026 ਦੇ ਵਿਚਕਾਰ ਆਈ. ਪੀ. ਐੱਮ. ’ਚ ਮੂਵਿੰਗ ਐਨੂਅਲ ਟਰਨਓਵਰ (ਐੱਮ. ਏ. ਟੀ., ਭਾਵ ਪਿਛਲੇ 12 ਮਹੀਨਿਆਂ ਦਾ ਟਰਨਓਵਰ) ’ਚ 8.4 ਫੀਸਦੀ ਦਾ ਵਾਧਾ ਹੋਇਆ, ਜਿਸ ਨਾਲ ਕੁੱਲ ਟਰਨਓਵਰ 2.44 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ, ਉਥੇ ਘਰੇਲੂ ਮਾਰਕੀਟ ’ਚ ਯੂਨਿਟਸ ਦੀ ਵਿਕਰੀ ’ਚ 0.7 ਫੀਸਦੀ ਦਾ ਵਾਧਾ ਹੋਇਆ।


author

Rakesh

Content Editor

Related News