ਵਿਦੇਸ਼ ਤੋਂ ਚੰਗੀ ਖ਼ਬਰ, ਇਹ ਮੁਲਕ 8 ਲੱਖ ਲੋਕਾਂ ਨੂੰ ਦੇਵੇਗਾ ਰੁਜ਼ਗਾਰ

Wednesday, Oct 07, 2020 - 09:54 PM (IST)

ਵਿਦੇਸ਼ ਤੋਂ ਚੰਗੀ ਖ਼ਬਰ, ਇਹ ਮੁਲਕ 8 ਲੱਖ ਲੋਕਾਂ ਨੂੰ ਦੇਵੇਗਾ ਰੁਜ਼ਗਾਰ

ਮੈਡਰਿਡ— ਕੋਰੋਨਾ ਵਾਇਰਸ ਮਹਾਮਾਰੀ ਦੀ ਵੱਡੀ ਮਾਰ ਝੱਲ ਚੁੱਕੇ ਸਪੇਨ ਨੇ ਯੂਰਪੀ ਫੰਡ ਦੀ ਸਹਾਇਤਾ ਨਾਲ ਅਗਲੇ ਤਿੰਨ ਸਾਲਾਂ 'ਚ 8,00,000 ਤੋਂ ਜ਼ਿਆਦਾ ਨਵੇਂ ਰੁਜ਼ਗਾਰ ਪੈਦਾ ਕਰਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸੈਂਚੇਜ਼ ਨੇ ਇਹ ਜਾਣਕਾਰੀ ਦਿੱਤੀ।

ਸਰਕਾਰ ਦੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੀ ਯੋਜਨਾ ਦਾ ਖ਼ੁਲਾਸਾ ਕਰਦੇ ਹੋਏ ਸੈਂਚੇਜ਼ ਨੇ ਕਿਹਾ ਕਿ ਸਪੇਨ ਯੂਰਪੀ ਸੰਘ ਤੋਂ ਪ੍ਰਾਪਤ ਹੋਣ ਵਾਲੇ 140 ਅਰਬ ਯੂਰੋ (165 ਅਰਬ ਡਾਲਰ) ਨੂੰ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਈ ਆਪਣੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ 2021 ਤੋਂ 2026 ਦਰਮਿਆਨ ਖਰਚ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 2021 ਅਤੇ 2023 ਵਿਚਕਾਰ ਸਰਕਾਰ ਵੱਲੋਂ ਯੂਰਪੀ ਸੰਘ (ਈ. ਯੂ.) ਤੋਂ ਪ੍ਰਾਪਤ ਫੰਡ 'ਚੋਂ 72 ਅਰਬ ਯੂਰੋ ਖਰਚ ਕੀਤੇ ਜਾਣਗੇ ਅਤੇ ਇਸ ਦੌਰਾਨ 8 ਲੱਖ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।

ਈ. ਯੂ. ਫੰਡ ਤੋਂ ਸਪੇਨ ਨੂੰ 2026 ਤੱਕ ਕੁੱਲ ਮਿਲਾ ਕੇ 140 ਅਰਬ ਯੂਰੋ ਮਿਲਣ ਵਾਲੇ ਹਨ। ਇਸ 'ਚ 77 ਅਰਬ ਯੂਰੋ ਗ੍ਰਾਂਟ ਵਜੋਂ ਹੋਣਗੇ, ਜਦੋਂ ਕਿ ਬਾਕੀ ਦਾ ਫੰਡ ਕਰਜ਼ ਦੇ ਤੌਰ 'ਤੇ ਸ਼ਾਮਲ ਹੋਵੇਗਾ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਪੇਨ ਨੇ ਇਸ ਸਾਲ ਉਸ ਦੀ ਆਰਥਿਕਤਾ 'ਚ 11.2 ਫੀਸਦੀ ਦੀ ਸਭ ਤੋਂ ਖ਼ਰਾਬ ਗਿਰਾਵਟ ਰਹਿਣ ਦਾ ਅੰਦਾਜ਼ਾ ਪ੍ਰਗਟ ਕੀਤਾ ਸੀ ਪਰ ਕਿਹਾ ਕਿ 2021 'ਚ ਇਹ 7.2 ਫੀਸਦੀ ਦੀ ਵਾਧਾ ਦਰ ਨਾਲ ਵਾਪਸੀ ਕਰੇਗੀ। ਸਪੇਨ ਸਰਕਾਰ ਦਾ ਕਹਿਣਾ ਹੈ ਕਿ ਯੂਰਪੀ ਫੰਡਾਂ ਦੇ ਪੂਰੀ ਤਰ੍ਹਾਂ ਖਰਚ ਹੋਣ ਨਾਲ ਅਰਥਵਿਵਸਥਾ ਅਗਲੇ ਸਾਲ 9.8 ਫੀਸਦੀ ਤੱਕ ਦੀ ਵਾਧਾ ਦਰ ਹਾਸਲ ਕਰ ਸਕਦੀ ਹੈ। ਹਾਲਾਂਕਿ, ਸੋਸ਼ਲਿਸਟ ਸੈਂਚੇਜ਼ ਦੀ ਗਠਜੋੜ ਵਾਲੀ ਸਰਕਾਰ ਨੂੰ ਨਵਾਂ ਬਜਟ ਪਾਸ ਕਰਨ ਲਈ ਸੰਸਦ 'ਚ ਬਹੁਮਤ ਦੀ ਜ਼ਰੂਰਤ ਹੋਵੇਗੀ।


author

Sanjeev

Content Editor

Related News