‘ਸੱਪ ਕਿਉਂ ਉਤਾਰਦੇ ਹਨ ਕੁੰਜ ?’
Monday, Dec 21, 2020 - 05:38 PM (IST)

ਤੁਸੀਂ ਸੱਪ ਨੂੰ ਕੁੰਜ ਉਤਾਰਦਿਆਂ ਤਾਂ ਹੋ ਸਕਦੈ ਕਦੇ ਨਾ ਵੇਖਿਆ ਹੋਵੇ ਪਰ ਇਹ ਤਾਂ ਸੁਣਿਆ ਹੀ ਹੋਵੇਗਾ ਕਿ ਸੱਪ ਅਕਸਰ ਸਮੇਂ-ਸਮੇਂ ’ਤੇ ਆਪਣੀ ਕੁੰਜ ਉਤਾਰਦੇ ਹੋ ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਹੋਵੋਗੇ ਕਿ ਸੱਪ ਸਾਲ ’ਚ ਸਿਰਫ ਇਕ ਵਾਰ ਹੀ ਕੁੰਜ ਉਤਾਰਦੇ ਹਨ ਅਤੇ ਉਹ ਵੀ ਅਕਸਰ ਬਸੰਤ ਰੁੱਤ ’ਚ। ਵੈਸੇ ਇਹ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੇ ਫਟੇ-ਪੁਰਾਣੇ ਕੱਪੜੇ ਬਦਲਦੇ ਹਾਂ, ਠੀਕ ਉਸੇ ਤਰ੍ਹਾਂ ਸੱਪ ਸਮੇਂ-ਸਮੇਂ ’ਤੇ ਆਪਣੇ ਸਰੀਰ ਤੋਂ ਪੁਰਾਣੀ ਚਮੜੀ ਨੂੰ ਉਤਾਰ ਸੁੱਟਦੇ ਹਨ ਅਤੇ ਉਸ ਦੀ ਥਾਂ ਨਵੀਂ ਚਮੜੀ ਧਾਰਨ ਕਰ ਲੈਂਦੇ ਹਨ।
ਰੌਚਕ ਗੱਲ ਇਹ ਹੈ ਕਿ ਸੱਪ ਦੀ ਕੁੰਜ ਰੂਪੀ ਇਹ ਪੁਰਾਣੀ ਚਮੜੀ ਉਤਾਰਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਰੀਰ ’ਤੇ ਨਵੀਂ ਚਮੜੀ ਬਣ ਜਾਂਦੀ ਹੈ ਅਤੇ ਇਸ ਲਈ ਚਿੱਟੇ ਰੰਗ ਦੀ ਖੋਲ ਰੂਪੀ ਉਪਰੀ ਚਮੜੀ ਸਰੀਰ ਤੋਂ ਵੱਖ ਕਰਦੇ ਸਮੇਂ ਉਨ੍ਹਾਂ ਨੂੰ ਕੋਈ ਖਾਸ ਪ੍ਰੇਸ਼ਾਨੀ ਨਹੀਂ ਹੁੰਦੀ। ਨਵੀਂ ਚਮੜੀ ਬਣ ਜਾਣ ਤੋਂ ਬਾਅਦ ਸੱਪ ਜਿਸ ਪੁਰਾਣੀ ਚਮੜੀ ਨੂੰ ਆਪਣੇ ਸਰੀਰ ਤੋਂ ਉਤਾਰ ਦਿੰਦੇ ਹਨ, ਉਸ ਨੂੰ ਹੀ ‘ਸੱਪ ਦੀ ਕੁੰਜ’ ਕਿਹਾ ਜਾਂਦਾ ਹੈ।
ਸੱਪ ਵਲੋਂ ਕੁੰਜ ਛੱਡਣ ਦਾ ਤਰੀਕਾ ਵੀ ਬਹੁਤ ਅਨੋਖਾ ਅਤੇ ਰਹੱਸਮਈ ਹੈ। ਦਰਅਸਲ ਸੱਪ ਨੂੰ ਆਪਣੀ ਕੁੰਜ ਛੱਡਣ ਦਾ ਅਹਿਸਾਸ ਉਸ ਸਮੇਂ ਹੁੰਦਾ ਹੈ ਜਦੋਂ ਉਸ ਦੀਆਂ ਅੱਖਾਂ ’ਤੇ ਧੁੰਦਲਾਪਣ ਜਿਹਾ ਛਾ ਜਾਣ ਲੱਗਦਾ ਹੈ। ਉਸ ਸਮੇਂ ਸੱਪ ਦੀਆਂ ਅੱਖਾਂ ਦੀ ਉੱਪਰੀ ਸਤ੍ਹਾ ਦਾ ਰੰਗ ਨੀਲਾ ਪੈ ਜਾਂਦਾ ਹੈ, ਜਿਸ ਨਾਲ ਉਸ ਨੂੰ ਵਿਖਾਈ ਦੇਣਾ ਬਹੁਤ ਘੱਟ ਹੋ ਜਾਂਦਾ ਹੈ। ਉਸ ਦੀਆਂ ਅੱਖਾਂ ਨੀਲੀਆਂ ਪੈਂਦੀਆਂ ਜਾਂਦੀਆਂ ਹਨ ਅਤੇ ਹਾਲਤ ਇਹ ਹੋ ਜਾਂਦੀ ਹੈ ਕਿ ਸੱਪ ਨੂੰ ਵਿਖਾਈ ਦੇਣਾ ਬਿਲਕੁੱਲ ਬੰਦ ਹੋ ਜਾਂਦਾ ਹੈ। ਅਜਿਹੀ ਹਾਲਤ ’ਚ ਸੱਪ ਕਾਫ਼ੀ ਹੱਦ ਤੱਕ ਸ਼ਾਂਤ ਅਤੇ ਸੁੱਸਤ ਹੋ ਜਾਂਦੇ ਹਨ ਅਤੇ ਉਹ ਨਮੀ ਵਾਲੇ ਥਾਵਾਂ ’ਚ ਹੀ ਪਏ ਰਹਿਣਾ ਪਸੰਦ ਕਰਦੇ ਹਨ। ਦਰਅਸਲ ਸੱਪ ਦਾ ਸਰੀਰ ਜੀਵਨ ਭਰ ਵਧਦਾ ਰਹਿੰਦਾ ਹੈ ਅਤੇ ਅਜਿਹੇ ’ਚ ਉਸ ਦੇ ਸਰੀਰ ਦੀ ਬਾਹਰੀ ਚਮੜੀ ਛੋਟੀ ਪੈਂਦੀ ਜਾਂਦੀ ਹੈ। ਇਹੀ ਕਾਰਨ ਹੈ ਕਿ ਇਕ ਤੈਅ ਮਿਆਦ ਉਪਰੰਤ ਸੱਪ ਆਪਣੀ ਉੱਪਰੀ ਚਮੜੀ ਦਾ ਤਿਆਗ ਕਰਦੇ ਰਹਿੰਦੇ ਹਨ।