ਚਿੜੀਆਘਰ ਜਾਣ ਵਾਲੇ ਲੋਕ ਸਾਵਧਾਨ, ਬਰਡ ਫਲੂ ਦਾ ਰੈੱਡ ਅਲਰਟ ਜਾਰੀ, ਮੱਚੀ ਹਫ਼ੜਾ-ਦਫ਼ੜੀ

Sunday, May 18, 2025 - 02:37 PM (IST)

ਚਿੜੀਆਘਰ ਜਾਣ ਵਾਲੇ ਲੋਕ ਸਾਵਧਾਨ, ਬਰਡ ਫਲੂ ਦਾ ਰੈੱਡ ਅਲਰਟ ਜਾਰੀ, ਮੱਚੀ ਹਫ਼ੜਾ-ਦਫ਼ੜੀ

ਯੂਪੀ : ਯੂਪੀ ਦੇ ਕਾਨਪੁਰ ਵਿਚ ਸਥਿਤ ਚਿੜੀਆਘਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕਾਨਪੁਰ ਦੇ ਚਿੜੀਆਘਰ ਵਿੱਚ ਬਰਡ ਫਲੂ ਦਾ ਰੈੱਡ ਅਲਰਟ ਐਲਾਨ ਦਿੱਤਾ ਗਿਆ ਹੈ। ਅਜਿਹਾ ਇਸ ਕਰਕੇ ਕੀਤਾ ਗਿਆ, ਕਿਉਂਕਿ ਚਿੜੀਆਘਰ ਵਿਚ ਬੱਬਰੀ ਸ਼ੇਰ ਪਟੌਦੀ ਦੀ ਤਿੰਨ ਦਿਨ ਪਹਿਲਾਂ ਮੌਤ ਹੋ ਗਈ ਸੀ। ਉਸ ਤੋਂ ਬਾਅਦ ਮੋਰ ਅਤੇ ਬ੍ਰਹਮੀ ਬੱਤਖ ਦੀ ਵੀ ਮੌਤ ਹੋ ਗਈ। ਇਸ ਦੇ ਨਾਲ ਹੀ ਚਿੜੀਆਘਰ ਨੂੰ 20 ਮਈ ਤੱਕ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ।

ਪਤਾ ਲੱਗਾ ਹੈ ਕਿ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ (NIHSAD) ਭੋਪਾਲ ਦੀ ਰਿਪੋਰਟ ਦੇ ਆਧਾਰ 'ਤੇ ਪਟੌਦੀ ਅਤੇ ਮੋਰ ਦੀ ਟੈਸਟ ਰਿਪੋਰਟ H5 N1 ਪਾਜ਼ੀਟਿਵ ਆਈ ਹੈ। ਯਾਨੀ ਕਿ ਦੋਵਾਂ ਦੀ ਮੌਤ ਬਰਡ ਫਲੂ ਕਾਰਨ ਹੋਈ ਹੈ। ਦੂਜੇ ਪਾਸੇ ਮ੍ਰਿਤਕ ਬੱਤਖ ਦੀ ਟੈਸਟ ਰਿਪੋਰਟ ਭੋਪਾਲ ਲੈਬ ਨੂੰ ਭੇਜ ਦਿੱਤੀ ਗਈ ਹੈ। ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਥਾਂ ਨੂੰ ਸੈਨੀਟਾਈਜ਼ ਕਰਵਾਇਆ ਗਿਆ। ਲਖਨਊ ਤੋਂ ਆਈ ਮਾਹਿਰਾਂ ਦੀ ਇਕ ਟੀਮ ਵਲੋਂ ਕਾਨਪੁਰ ਚਿੜੀਆਘਰ ਦਾ ਨਿਰੀਖਣ ਕੀਤਾ ਗਿਆ ਅਤੇ ਜੈਵਿਕ-ਸੁਰੱਖਿਆ ਉਪਾਅ ਲਾਗੂ ਕੀਤੇ। 

ਦੱਸ ਦੇਈਏ ਕਿ ਚਿੜੀਆਘਰ ਵਿਚ ਮੌਜੂਦ ਜਾਨਵਰਾਂ ਦੇ ਨਾਲ-ਨਾਲ ਇਸ ਚਿੜੀਆਘਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਨਮੂਨੇ ਵੀ ਜਾਂਚ ਲਈ ਭੇਜੇ ਜਾਣਗੇ। ਜਿਸ ਲਈ ਭਲਕੇ ਯਾਨੀ ਸ਼ਨੀਵਾਰ ਨੂੰ 26 ਕਰਮਚਾਰੀਆਂ ਦੇ ਨਮੂਨੇ ਲਏ ਗਏ ਹਨ। ਬਾਕੀਆਂ ਨੇ ਨਮੂਨੇ ਵੀ ਜਲਦੀ ਲਏ ਜਾਣਗੇ। ਵਾਇਰਸ ਦੇ ਸ਼ੇਰ ਅਤੇ ਬਾਘਾਂ ਦੇ ਘੇਰੇ ਤੱਕ ਪਹੁੰਚਣ ਦੀ ਪੁਸ਼ਟੀ ਹੋਣ ਤੋਂ ਬਾਅਦ ਚਿੜੀਆਘਰ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਨਾਲ ਹੀ ਚਿੜੀਆਘਰ ਦੇ 26 ਕਰਮਚਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। 

ਚਿੜੀਆਘਰ ਵਿੱਚ ਸੈਨੀਟਾਈਜ਼ੇਸ਼ਨ ਅਤੇ ਫੌਗਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਚਿੜੀਆਘਰ ਵਿਚ ਮੌਜੂਦ ਕਿਸੇ ਵੀ ਕਰਮਚਾਰੀ ਵਿਚ ਅਜੇ ਤੱਕ ਬਰਡ ਫਲੂ ਦੇ ਲੱਛਣ ਨਹੀਂ ਪਾਏ ਗਏ। ਬਰਡ ਫਲੂ ਦਾ ਅਲਰਟ ਜਾਰੀ ਹੋਣ ਤੋਂ ਬਾਅਦ ਚਿੜੀਆਘਰ ਵਿਚ ਮੌਜੂਦ ਬਾਕੀ ਦੇ ਜਾਨਵਰਾਂ ਦੀ ਸਿਹਤ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾ ਰਿਹਾ ਹੈ। 


author

rajwinder kaur

Content Editor

Related News