ਪਿਆਕੜਾਂ ਲਈ ਖੁਸ਼ਖਬਰੀ, ਇਸ ਸੂਬੇ ''ਚ ਜ਼ੋਮੈਟੋ ਤੇ ਸਵਿਗੀ ਨੇ ਸ਼ੁਰੂ ਕੀਤੀ ਸ਼ਰਾਬ ਦੀ ਹੋਮ ਡਿਲਿਵਰੀ
Thursday, May 21, 2020 - 04:40 PM (IST)
ਨਵੀਂ ਦਿੱਲੀ : ਫੂਡ ਡਿਲਿਵਰੀ ਕਰਨ ਵਾਲੀਆਂ ਐਪ ਜ਼ੋਮੈਟੋ ਅਤੇ ਸਵਿਗੀ ਨੇ ਸ਼ਰਾਬ ਦੀ ਹੋਮ ਡਿਲਿਵਰੀ ਵੀ ਸ਼ੁਰੂ ਕਰ ਦਿੱਤੀ ਹੈ। ਜ਼ੋਮੈਟੋ ਅਤੇ ਸਵਿਗੀ ਨੇ ਫਿਲਹਾਲ ਝਾਰਖੰਡ ਵਿਚ ਸ਼ਰਾਬ ਦੀ ਹੋਮ ਡਿਲਿਵਰੀ ਸ਼ੁਰੂ ਕੀਤੀ ਹੈ। ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿਚ ਲਾਕਡਾਊਨ ਲਗਾਇਆ ਗਿਆ ਸੀ। ਦੇਸ਼ ਵਿਚ ਫਿਲਹਾਲ ਚੌਥੀ ਵਾਰ ਲਾਕਡਾਊਨ ਨੂੰ ਅੱਗੇ ਵਧਾਇਆ ਗਿਆ ਹੈ, ਜਿਸ ਵਿਚ ਸਰਕਾਰ ਵੱਲੋਂ ਕੁੱਝ ਢਿੱਲ ਵੀ ਦਿੱਤੀ ਗਈ ਹੈ। ਢਿੱਲ ਦੇ ਬਾਅਦ ਤੋਂ ਕੇਂਦਰ ਵੱਲੋਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਗਏ ਸਨ ਅਤੇ ਦੁਕਾਨਾਂ ਖੁੱਲ੍ਹਦੇ ਹੀ ਕਾਫੀ ਭੀੜ ਇਕੱਠੀ ਹੋਣ ਲੱਗ ਗਈ ਸੀ, ਜਿਸ ਨੂੰ ਦੇਖਦੇ ਹੋਏ ਖਾਣੇ ਵਾਂਗ ਸ਼ਰਾਬ ਦੀ ਹੋਮ ਡਿਲਿਵਰੀ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਅਜਿਹੇ ਵਿਚ ਝਾਰਖੰਡ ਸਰਕਾਰ ਨੇ ਦੇਸ਼ ਦੀਆਂ 2 ਪ੍ਰਮੁੱਖ ਫੂਡ ਡਿਲਿਵਰੀ ਕਰਨ ਵਾਲੀਆਂ ਐਪ ਕੰਪਨੀਆਂ ਜ਼ੋਮੈਟੋ ਅਤੇ ਸਵਿਗੀ ਨਾਲ ਮਿਲ ਕੇ ਰਾਜ ਵਿਚ ਸ਼ਰਾਬ ਦੀ ਹੋਮ ਡਿਲਿਵਰੀ ਸ਼ੁਰੂ ਕੀਤੀ ਹੈ।
ਜ਼ੋਮੈਟੋ ਅਤੇ ਸਵਿਗੀ ਘਰ ਪਹੁੰਚਾਉਣਗੇ ਸ਼ਰਾਬ
ਰਿਪੋਰਟ ਮੁਤਾਬਕ ਜ਼ਮੈਟੋ ਅਤੇ ਸਵਿਗੀ ਝਾਰਖੰਡ ਸਰਕਾਰ ਨਾਲ ਪਾਰਟਨਰਸ਼ਿਪ ਦੇ ਬਾਅਦ ਰਾਂਚੀ, ਜਮਸ਼ੇਦਪੁਰ ਅਤੇ ਬੋਕਾਰੋ ਵਿਚ ਸ਼ਰਾਬ ਦੀ ਹੋਮ ਡਿਲਿਵਰੀ ਕਰਣਗੇ। ਇਸ ਤਰ੍ਹਾਂ ਨਾਲ ਲੋਕਾਂ ਨੂੰ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੱਗਣ ਵਾਲੀਆਂ ਲੰਬੀਆਂ ਲਾਈਲਾਂ ਤੋਂ ਛੁਟਕਾਰਾ ਮਿਲੇਗਾ ਅਤੇ ਪ੍ਰਸ਼ਾਸਨ ਨੂੰ ਘੱਟ ਭੀੜ ਦੇ ਚੱਲਦੇ ਸ਼ਰਾਬ ਦੀ ਦੁਕਾਨ 'ਤੇ ਸੋਸ਼ਲ ਡਿਸਟੈਂਸਿੰਗ ਨੂੰ ਆਸਾਨੀ ਨਾਲ ਲਾਗੂ ਕਰਾਉਣ ਵਿਚ ਮਦਦ ਮਿਲੇਗੀ।
ਫਿਲਹਾਲ ਇਹ ਸਾਫ ਨਹੀਂ ਹੈ ਕਿ ਇਕ ਯੂਜ਼ਰ ਕਿੰਨੀ ਮਾਤਰਾ ਵਿਚ ਸ਼ਰਾਬ ਆਰਡਰ ਕਰ ਸਕਦਾ ਹੈ। ਸ਼ਰਾਬ ਆਰਡਰ ਕਰਨ ਲਈ ਸਵਿਗੀ ਐਪ ਨੂੰ ਅਪਡੈਟ ਕਰਨਾ ਹੋਵੇਗਾ ਅਤੇ ਇਸ ਦੀ 'ਵਾਈਨ ਸ਼ਾਪਸ' ਕੈਟੇਗਿਰੀ ਵਿਚ ਜਾਣਾ ਹੋਵੇਗਾ। ਇਹ ਸਹੂਲਤ ਅਜੇ ਸਿਰਫ ਝਾਰਖੰਡ ਦੇ ਕੁੱਝ ਸ਼ਹਿਰਾਂ ਵਿਚ ਉਪਲੱਬਧ ਹੈ। ਇਹ ਜਲਦ ਹੀ ਦੂੱਜੇ ਹਿੱਸਿਆਂ ਵਿਚ ਵੀ ਸ਼ੁਰੂ ਹੋ ਸਕਦੀ ਹੈ।