''ਜ਼ਿਪ ਲਾਈਨ ਰਾਈਡ'' ਕਰ ਰਹੇ ਬੰਦੇ ਨੇ ਸੁਣਾਇਆ ਅੱਖੀਂ ਦੇਖਿਆ ਹਾਲ, ਅੱਤਵਾਦੀ ਹਮਲੇ ਦੀ ਦੱਸੀ ਇਕ-ਇਕ ਗੱਲ

Tuesday, Apr 29, 2025 - 01:03 PM (IST)

''ਜ਼ਿਪ ਲਾਈਨ ਰਾਈਡ'' ਕਰ ਰਹੇ ਬੰਦੇ ਨੇ ਸੁਣਾਇਆ ਅੱਖੀਂ ਦੇਖਿਆ ਹਾਲ, ਅੱਤਵਾਦੀ ਹਮਲੇ ਦੀ ਦੱਸੀ ਇਕ-ਇਕ ਗੱਲ

ਅਹਿਮਦਾਬਾਦ- ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ 'ਜ਼ਿਪ ਲਾਈਨ ਰਾਈਡ' ਦਾ ਆਨੰਦ ਮਾਣਦੇ ਹੋਏ ਅਹਿਮਦਾਬਾਦ ਦੇ ਇਕ ਸੈਲਾਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ ਜਿਸ 'ਚ ਅੱਤਵਾਦੀ ਹਮਲੇ ਦੌਰਾਨ ਲੋਕ ਭੱਜਦੇ ਅਤੇ ਡਿੱਗਦੇ ਦਿਖਾਈ ਦੇ ਰਹੇ ਹਨ। 'ਜ਼ਿਪ ਲਾਈਨ ਰਾਈਡ' 'ਚ ਇਕ ਢਲਾਣ 'ਤੇ ਦੋ ਬਿੰਦੂਆਂ ਵਿਚਕਾਰ ਇਕ ਤਾਰ ਬੰਨ੍ਹੀ ਜਾਂਦੀ ਹੈ ਜਿਸ ਦੀ ਮਦਦ ਨਾਲ ਲੋਕ ਗੁਰੂਤਾ ਖਿੱਚ ਰਾਹੀਂ ਹੇਠਾਂ ਵੱਲ ਵਧਦੇ ਹਨ। 22 ਅਪ੍ਰੈਲ ਨੂੰ ਪਹਿਲਗਾਮ ਦੀ ਬੈਸਰਨ ਘਾਟੀ 'ਚ ਹੋਏ ਅੱਤਵਾਦੀ ਹਮਲੇ 'ਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਸੈਲਾਨੀ ਸਨ। ਸੈਲਾਨੀ ਰਿਸ਼ੀ ਭੱਟ ਨੇ ਸਵਾਰੀ ਦੌਰਾਨ ਸੈਲਫੀ ਸਟਿੱਕ ਨਾਲ ਇਹ 53 ਸਕਿੰਟ ਦਾ ਵੀਡੀਓ ਸ਼ੂਟ ਕੀਤਾ। ਵੀਡੀਓ 'ਚ, ਭੱਟ 'ਸਵਾਰੀ' ਦਾ ਆਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਹਨ ਪਰ ਨਾਲ ਹੀ, ਅੱਤਵਾਦੀ ਹਮਲੇ ਕਾਰਨ ਜ਼ਮੀਨ 'ਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਅਤੇ ਡਿੱਗਦੇ ਦਿਖਾਈ ਦੇ ਰਹੇ ਹਨ। ਅਹਿਮਦਾਬਾਦ ਦੇ ਵਸਨੀਕ ਭੱਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚੇ ਨਾਲ ਬੈਸਰਨ ਘਾਟੀ ਗਏ ਸਨ ਅਤੇ ਉਨ੍ਹਾਂ ਨੇ 'ਜ਼ਿਪ ਲਾਈਨ ਰਾਈਡ' ਦਾ ਆਨੰਦ ਲੈਣ ਦਾ ਫੈਸਲਾ ਕੀਤਾ। ਭੱਟ 'ਇਵੈਂਟ ਮੈਨੇਜਮੈਂਟ' ਦੇ ਕਾਰੋਬਾਰ ਕਰਦੇ ਹਨ।

ਉਨ੍ਹਾਂ ਕਿਹਾ,''ਜਦੋਂ ਮੇਰਾ ਬੇਟਾ ਅਤੇ ਪਤਨੀ ਸੁਰੱਖਿਅਤ ਹੇਠਾਂ ਪਹੁੰਚ ਗਏ ਅਤੇ ਮੈਂ 'ਜ਼ਿਪ ਲਾਈਨ ਰਾਈਡ' ਸ਼ੁਰੂ ਕੀਤੀ, ਉਦੋਂ ਪਹਿਲੀ ਗੋਲੀ ਚੱਲੀ। ਜਿਵੇਂ ਹੀ ਮੈਂ ਹੇਠਾਂ ਉਤਰਿਆ, ਮੈਂ ਦੇਖਿਆ ਕਿ ਕਿਸੇ ਤੋਂ ਉਸ ਦਾ ਧਰਮ ਪੁੱਛ ਕੇ ਉਸ ਨੂੰ ਗੋਲੀ ਮਾਰ ਦਿੱਤੀ ਗਈ।'' ਭੱਟ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਨੂੰ 'ਜ਼ਿਪ ਲਾਈਨ' ਤੋਂ ਵੱਖ ਕੀਤਾ। ਫਿਰ ਉਹ ਜ਼ਿਪ ਲਾਈਨ ਤੋਂ ਛਾਲ ਮਾਰਨ ਤੋਂ ਬਾਅਦ ਆਪਣੇ ਪਰਿਵਾਰ ਨਾਲ ਦੌੜ ਕੇ ਇਕ ਸਥਾਨ 'ਤੇ ਲੁੱਕ ਗਏ, ਜਿੱਥੇ ਤਿੰਨ ਤੋਂ ਚਾਰ ਹੋਰ ਲੋਕ ਪਹਿਲਾਂ ਤੋਂ ਲੁਕੇ ਹੋਏ ਸਨ। ਉਨ੍ਹਾਂ ਦੱਸਿਆ ਕਿ ਲਗਭਗ 8 ਤੋਂ 10 ਮਿੰਟਾਂ ਬਾਅਦ ਜਦੋਂ ਚਲਾਈਆਂ ਜਾ ਰਹੀਆਂ ਗੋਲੀਆਂ ਘੱਟ ਹੋ ਗਈਆਂ ਤਾਂ ਉਹ ਦੌੜੇ ਅਤੇ ਬਚ ਕੇ ਨਿਕਲਣ 'ਚ ਸਫ਼ਲ ਰਹੇ। ਉਨ੍ਹਾਂ ਕਿਹਾ,''2 ਅੱਤਵਾਦੀ ਜ਼ਮੀਨ 'ਤੇ ਖੜ੍ਹੇ ਕੇ ਹੋ ਕੇ ਲੋਕਾਂ ਤੋਂ ਉਨ੍ਹਾਂ ਦੇ ਧਰਮ ਬਾਰੇ ਪੁੱਛ ਰਹੇ ਸਨ ਅਤੇ ਉਨ੍ਹਾਂ ਨੂੰ ਗੋਲੀ ਮਾਰ ਰਹੇ ਸਨ। ਬਾਕੀ (ਅੱਤਵਾਦੀ) ਝਾੜੀਆਂ 'ਚ ਲੁੱਕ ਕੇ ਗੋਲੀਬਾਰੀ ਕਰ ਰਹੇ ਸਨ। ਜਿਸ ਤਰ੍ਹਾਂ ਨਾਲ ਗੋਲੀਆਂ ਚੱਲ ਰਹੀਆਂ ਸਨ, ਉਸ ਤੋਂ ਲੱਗਦਾ ਹੈ ਕਿ 4 ਤੋਂ 5 ਅੱਤਵਾਦੀ ਸਨ। 2 ਲੋਕ ਜ਼ਮੀਨ 'ਤੇ (ਸਾਹਮਣੇ ਨਜ਼ਰ ਆ ਰਹੇ) ਸਨ ਪਰ ਸਾਨੂੰ ਨਹੀਂ ਪਤਾ ਕਿ ਝਾੜੀਆਂ ਤੋਂ ਕਿੰਨੇ ਲੋਕ ਗੋਲੀਆਂ ਚਲਾ ਰਹੇ ਸਨ।'' ਉਨ੍ਹਾਂ ਕਿਹਾ ਕਿ 'ਜ਼ਿਪ ਲਾਈਨ' ਸੰਚਾਲਕ ਨੇ ਉਨ੍ਹਾਂ ਤੋਂ ਪਹਿਲੇ 9 ਲੋਕਾਂ ਨੂੰ 'ਰਾਈਡ' ਲਈ ਭੇਜਿਆ ਸੀ।

ਭੱਟ ਨੇ ਕਿਹਾ,''ਜਦੋਂ ਮੈਂ 'ਰਾਈਡ' 'ਤੇ ਜਾਣ ਤੋਂ ਠੀਕ ਪਹਿਲੇ ਸੈਲਫੀ ਸਟਿਕ ਤਿਆਰ ਕੀਤੀ ਤਾਂ ਉਸ ਨੇ (ਸੰਚਾਲਕ ਨੇ) ਤਿੰਨ ਵਾਰ 'ਅੱਲ੍ਹਾ ਹੂ ਅਕਬਰ' ਕਿਹਾ। ਇਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਉਹ ਇਹ ਸ਼ਬਦ ਬੋਲਦੇ ਹੋਏ ਹੇਠਾਂ ਦੇਖਦਾ ਰਿਹਾ। ਜਦੋਂ ਅਸੀਂ ਅਗਲੇ ਦਿਨ ਵੀਡੀਓ ਦੇਖਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ 'ਅੱਲ੍ਹਾ ਹੂ ਅਕਬਰ' ਕਹਿਣ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਉਸ ਇਲਾਕੇ 'ਚ ਭਾਰਤੀ ਫ਼ੌਜ ਦੀ ਮੌਜੂਦਗੀ ਨਹੀਂ ਸੀ ਅਤੇ ਇਹ ਜਗ੍ਹਾ ਸਥਾਨਕ ਪੁਲਸ ਦੀ ਸੁਰੱਖਿਆ 'ਚ ਸੀ। ਉਨ੍ਹਾਂ ਕਿਹਾ,''ਘਟਨਾ ਦੇ 20 ਮਿੰਟਾਂ ਅੰਦਰ ਫ਼ੌਜ ਨੇ ਸਾਰੇ ਸੈਲਾਨੀਆਂ ਨੂੰ ਸੁਰੱਖਿਆ ਦਿੱਤੀ ਅਤੇ ਉਨ੍ਹਾਂ ਨੂੰ ਪਾਰਕਿੰਗ ਸਥਾਨ ਤੱਕ ਲੈ ਆਈ।'' ਉਨ੍ਹਾਂ ਨੇ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15-20 ਦਿਨਾਂ ਅੰਦਰ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News