ਹੈਰਾਨ ਕਰ ਰਹੇ ਜੰਮੂ-ਕਸ਼ਮੀਰ ’ਚ ਜ਼ੈੱਡ ਪਲੱਸ ਸੁਰੱਖਿਆ ਲੈਣ ਵਾਲੇ ਜਾਲਸਾਜ਼ ਦੇ ਰਹੱਸ

Friday, Mar 24, 2023 - 11:28 AM (IST)

ਹੈਰਾਨ ਕਰ ਰਹੇ ਜੰਮੂ-ਕਸ਼ਮੀਰ ’ਚ ਜ਼ੈੱਡ ਪਲੱਸ ਸੁਰੱਖਿਆ ਲੈਣ ਵਾਲੇ ਜਾਲਸਾਜ਼ ਦੇ ਰਹੱਸ

ਨਵੀਂ ਦਿੱਲੀ- ਖੁਦ ਨੂੰ ਪ੍ਰਧਾਨ ਮੰਤਰੀ ਦਫ਼ਤਰ ’ਚ ਐਡੀਸ਼ਨਲ ਡਾਇਰੈਕਟਰ (ਰਣਨੀਤੀ ਅਤੇ ਅਭਿਆਨ) ਦੱਸਣ ਵਾਲੇ ਗੁਜਰਾਤ ਦੇ ਡਾ. ਕਿਰਨ ਜੇ. ਪਟੇਲ ਦਾ ਰਹੱਸ ਜਿਵੇਂ-ਜਿਵੇਂ ਖੁੱਲ੍ਹ ਰਿਹਾ ਹੈ, ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆ ਰਹੇ ਹਨ। ਉਸ ਨੂੰ ਨਾ ਸਿਰਫ ਜੰਮੂ-ਕਸ਼ਮੀਰ ’ਚ ਜ਼ੈੱਡ ਪਲੱਸ ਸੁਰੱਖਿਆ ਕਵਰ ਪ੍ਰਦਾਨ ਕੀਤਾ ਗਿਆ ਅਤੇ ਪੰਜ ਤਾਰਾ ਹੋਟਲਾਂ ਦੀ ਪ੍ਰਾਹੁਣਚਾਰੀ ਦਾ ਲਾਭ ਮਿਲਿਆ, ਸਗੋਂ ਮਹੀਨਿਆਂ ਤੱਕ ਉਚ ਸੁਰੱਖਿਆ ਵਾਲੇ ਖੇਤਰਾਂ ਤੱਕ ਪਹੁੰਚ ਵੀ ਮਿਲੀ।

ਰਹੱਸਮਈ ਜਾਲਸਾਜ਼ ਕਿਰਨ ਨੂੰ 3 ਮਾਰਚ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਇੰਨਾ ਹੈਰਾਨ ਰਹਿ ਗਿਆ ਸੀ ਕਿ ਇਕ ਪੰਦਰਵਾੜੇ ਬਾਅਦ ਹੀ ਜਨਤਾ ਦੇ ਸਾਹਮਣੇ ਇਸ ਦਾ ਖੁਲਾਸਾ ਕੀਤਾ ਗਿਆ ਪਰ ਇਸ ਘਟਨਾ ਨੇ ਸੁਰੱਖਿਆ ਅਤੇ ਖੁਫੀਆ ਏਜੰਸੀਆਂ ’ਚ ਖਾਮੀਆਂ ਨੂੰ ਉਜਾਗਰ ਕਰ ਦਿੱਤਾ। ਇਹ ਪਤਾ ਲੱਗਾ ਹੈ ਕਿ ਇਕ ਆਈ. ਏ. ਐੱਸ. ਅਧਿਕਾਰੀ ਨੇ ਉਸ ਨੂੰ ਜੰਮੂ-ਕਸ਼ਮੀਰ ’ਚ ਪੀ. ਐੱਮ. ਓ. ਅਧਿਕਾਰੀ ਦੇ ਰੂਪ ’ਚ ਪੇਸ਼ ਕੀਤਾ ਅਤੇ ਗੁਜਰਾਤ ਦੇ 5-6 ਵੱਡੇ ਲੋਕਾਂ ਦੇ ਇਕ ਸਮੂਹ ਨੇ ਉਸ ਨੂੰ ਕੇਂਦਰਸ਼ਾਸਿਤ ਪ੍ਰਦੇਸ਼ ’ਚ ਜ਼ਮੀਨ ਸਬੰਧੀ ਠੇਕਿਆਂ ਦਾ ਕੰਮ ਸੌਂਪਿਆ ਸੀ।

ਕਿਰਨ ਪਟੇਲ ਨੇ 27 ਅਕਤੂਬਰ ਨੂੰ ਪਹਿਲੀ ਵਾਰ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਅਤੇ ਲਗਭਗ 6 ਮਹੀਨੇ ਤੱਕ ਕੰਮ ਕੀਤਾ। ਇਹ ਅਜੇ ਵੀ ਹੈਰਾਨ ਕਰਨ ਵਾਲਾ ਹੈ ਕਿ ਪੀ. ਐੱਮ. ਓ. ਦੇ ਇਕ ਅਧਿਕਾਰੀ ਨੂੰ ਬਿਨਾਂ ਕਿਸੇ ਵੈਰੀਫਿਕੇਸ਼ਨ ਦੇ ਜ਼ੈੱਡ ਪਲੱਸ ਸੁਰੱਖਿਆ ਕਵਰ ਅਤੇ ਪੰਜ ਤਾਰਾ ਹੋਟਲ ਦੀ ਸਹੂਲਤ ਕਿਵੇਂ ਦਿੱਤੀ ਜਾ ਸਕਦੀ ਹੈ। ਇਹ ਸਪੱਸ਼ਟ ਹੈ ਕਿ ਕਿਰਨ ਪਟੇਲ ਕੁਝ ਨਿੱਜੀ ਸਵਾਰਥ ਵਾਲੇ ਕਾਰੋਬਾਰੀਆਂ ਅਤੇ ਨੌਕਰਸ਼ਾਹਾਂ ਦੀ ਪ੍ਰਤੀਨਿਧਤਾ ਕਰ ਰਿਹਾ ਸੀ ਅਤੇ ਆਉਣ ਵਾਲੇ ਦਿਨਾਂ ’ਚ ਇਸ ਸਬੰਧ ’ਚ ਕਾਰਵਾਈ ਵੇਖੀ ਜਾ ਸਕਦੀ ਹੈ। ਏਜੰਸੀਆਂ ਇਸ ਗੱਲ ਤੋਂ ਹੈਰਾਨ ਹਨ ਕਿ ਕਿਰਨ ਪਟੇਲ ਗੁਜਰਾਤ ਦੇ ਇਕ ਸ਼ਕਤੀਸ਼ਾਲੀ ਨੌਕਰਸ਼ਾਹ ਦੇ ਬੇਟੇ ਨਾਲ ਜੁੜਿਆ ਹੋਇਆ ਹੈ। ਇਹ ਨੌਕਰਸ਼ਾਹ 2002 ਤੋਂ ਗੁਜਰਾਤ ਦੇ ਮੁੱਖ ਮੰਤਰੀ ਦੇ ਸਲਾਹਕਾਰ ਹਨ। ਕਈ ਮੁੱਖ ਮੰਤਰੀ ਆਏ ਅਤੇ ਗਏ ਪਰ ਉਹ ਉਥੇ ਦੇ ਉਥੇ ਹੀ ਬਣੇ ਹੋਏ ਹਨ। ਉਨ੍ਹਾਂ ਦਾ ਬੇਟਾ ਕਿਰਨ ਪਟੇਲ ਨੂੰ ਹਰ ਜਗ੍ਹਾ ਲੈ ਕੇ ਗਿਆ ਅਤੇ ਹੁਣ ਉਹ ਜੰਮੂ-ਕਸ਼ਮੀਰ ਪੁਲਸ ਦੀ ਨਜ਼ਰ ’ਚ ਹੈ। ਇਕ ਵੱਡਾ ਰਹੱਸ ਇਹ ਵੀ ਹੈ ਕਿ ਪਟੇਲ ਨੂੰ ਜ਼ੈੱਡ ਪਲਸ ਸੁਰੱਖਿਆ ਕਵਰ ਮਿਲਿਆ ਸੀ, ਜੋ ਜੰਮੂ-ਕਸ਼ਮੀਰ ਪ੍ਰਸ਼ਾਸਨ ਅਤੇ ਕੇਂਦਰੀ ਗ੍ਰਹਿ ਮੰਤਰਾਲਾ ’ਚ ਸਭ ਤੋਂ ਉੱਪਰਲੇ ਪੱਧਰ ’ਤੇ ਪ੍ਰਦਾਨ ਕੀਤਾ ਜਾਂਦਾ ਹੈ।


author

Rakesh

Content Editor

Related News