ਹੋਟਲ ਦੀ 10ਵੀਂ ਮੰਜਿਲ ਤੋਂ ਡਿੱਗ ਕੇ ਮੁਟਿਆਰ ਦੀ ਮੌਤ, ਪ੍ਰੇਮੀ ਫਰਾਰ
Tuesday, Oct 13, 2026 - 01:25 AM (IST)
ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਥਾਣਾ ਖੇਤਰ ਵਿੱਚ ਸਥਿਤ ਓਮੈਕਸ ਬਿਲਡਿੰਗ (ਹੋਟਲ ਸੈਲੇਸਟਿਅਲ ਓਮੈਕਸ ਨਿਊ ਹਜ਼ਰਤਗੰਜ) ਦੀ 10ਵੀਂ ਮੰਜਿਲ ਤੋਂ ਡਿੱਗ ਕੇ ਇੱਕ 24 ਸਾਲਾ ਮੁਟਿਆਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸਮਰੀਨ (ਪੁੱਤਰੀ ਮੋਹੰਮਦ ਤੱਜੂ) ਵਜੋਂ ਹੋਈ ਹੈ, ਜੋ ਕਿ ਲਖਨਊ ਦੇ ਚੌਕ ਇਲਾਕੇ (ਹਾਤਾ ਸੂਰਤ ਸਿੰਘ) ਦੀ ਰਹਿਣ ਵਾਲੀ ਸੀ। ਘਟਨਾ ਤੋਂ ਤੁਰੰਤ ਬਾਅਦ ਮੁਟਿਆਰ ਦਾ ਪ੍ਰੇਮੀ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਸਮਰੀਨ ਆਪਣੇ ਪ੍ਰੇਮੀ ਅਵਨੀਸ਼ ਨਾਲ, ਜੋ ਕਿ ਸੁਲਤਾਨਪੁਰ (ਦੋਸਤਪੁਰ, ਫਿਰੋਜ਼ਪੁਰ ਖੁਰਦ) ਦਾ ਰਹਿਣ ਵਾਲਾ ਹੈ, ਹੋਟਲ ਦੇ ਕਮਰਾ ਨੰਬਰ 1037 ਵਿੱਚ ਆਈ ਸੀ। ਦੋਵਾਂ ਨੇ ਸਵੇਰੇ ਲਗਭਗ 11:46 ਵਜੇ ਕਮਰੇ ਵਿੱਚ ਐਂਟਰੀ ਕੀਤੀ ਸੀ। ਸ਼ਾਮ ਲਗਭਗ 6:00 ਵਜੇ ਮੁਟਿਆਰ ਉਸੇ ਕਮਰੇ ਤੋਂ ਹੇਠਾਂ ਡਿੱਗ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਹੋਟਲ ਦੇ ਸਕਿਓਰਿਟੀ ਇੰਚਾਰਜ ਤੋਂ ਸੂਚਨਾ ਮਿਲਣ ਉਪਰੰਤ ਪੁਲਸ ਟੀਮ ਮੌਕੇ 'ਤੇ ਪਹੁੰਚੀ।
ਪੁਲਸ ਨੇ ਫੀਲਡ ਯੂਨਿਟ ਨੂੰ ਮੌਕੇ 'ਤੇ ਬੁਲਾ ਕੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਜ਼ਰੀਏ ਸਬੂਤ ਇਕੱਠੇ ਕੀਤੇ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਵੀ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਮੁਤਾਬਕ ਪਰਿਵਾਰ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਮੌਤ ਦੇ ਅਸਲ ਕਾਰਨਾਂ, ਹਾਲਾਤਾਂ ਅਤੇ ਪ੍ਰੇਮੀ ਦੇ ਫਰਾਰ ਹੋਣ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
