ਫੌਜੀਆਂ ਦੀ ਵੱਖਰੀ ਟੌਹਰ, ਜੱਚਦੀ ਨਹੀਂ ਨੌਕਰੀ ਹੋਰ
Sunday, Dec 13, 2015 - 04:49 PM (IST)

ਦੇਹਰਾਦੂਨ— ਇਹ ਗੱਲ ਸਾਡੇ ਦੇਸ਼ ਭਾਰਤ ਲਈ ਬਹੁਤ ਮਾਣ ਦੀ ਹੈ ਕਿ ਅੱਜ ਦੇ ਸਮੇਂ ''ਚ ਸਾਡੇ ਦੇਸ਼ ਦੇ ਨੌਜਵਾਨ ਫੌਜ ਵਿਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਅੱਗੇ ਵਧ ਰਹੇ ਹਨ। ਕਹਿਣ ਦਾ ਭਾਵ ਇਹ ਹੈ ਕਿ ਨੌਜਵਾਨਾਂ ਵਿਚ ਵਤਨ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਬਰਕਰਾਰ ਹੈ। ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਵਿਦੇਸ਼ਾਂ ਵਿਚ ਭੇਜਦੇ ਹਨ ਜਾਂ ਫਿਰ ਉਨ੍ਹਾਂ ਦਾ ਰੁਝਾਨ ਕਿਸੇ ਵੱਡੀ ਕੰਪਨੀ ''ਚ ਨੌਕਰੀ ਕਰਨ ਵੱਲ ਮੋੜਦੇ ਹਨ ਪਰ ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ। ਫੌਜ ਦੀ ਚੁਣੌਤੀ ਅਤੇ ਰੋਮਾਂਚ ਭਰੀਆਂ ਸੇਵਾਵਾਂ ਦੇ ਆਕਰਸ਼ਣ ਅੱਗੇ ਨੌਜਵਾਨਾਂ ਨੂੰ ਨਿੱਜੀ ਕੰਪਨੀਆਂ ਦੀ ਮੋਟੀ ਸੈਲਰੀ ਪੈਕੇਜ ਵੀ ਫਿੱਕਾ ਜਾਪ ਰਿਹਾ ਹੈ। ਕੰਪਿਊਟਰ ਸਾਇੰਸ, ਮਕੈਨੀਕਲ, ਇਲਕੈਟ੍ਰਾਨਿਕਸ ''ਚ ਬੀਟੇਕ ਕਰਨ ਤੋਂ ਬਾਅਦ ਕਾਰਪੋਰੇਟ ਸੈਕਟਰ ਦੇ ਵੱਡੇ ਆਫਰ ਵੀ ਫੌਜ ਦੇ ਆਕਰਸ਼ਣ ਦੇ ਸਾਹਮਣੇ ਛੋਟੇ ਪੈ ਚੁੱਕੇ ਹਨ।
ਅਜਿਹੀ ਹੀ ਇਕ ਉਦਾਹਰਣ ਹੈ, ਅੰਮ੍ਰਿਤਸਰ ਦੇ ਇਕਬਾਲ ਸਿੰਘ ਗਿੱਲ। ਇਕਬਾਲ ਸਿੰਘ ਗਿੱਲ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਹ ਟੈਕਨੀਕਲ ਇੰਜੀਨੀਅਰ ਕੋਰਸ ''ਚ ਟਾਪਰ ਰਹੇ ਹਨ ਅਤੇ ਉਨ੍ਹਾਂ ਨੇ ਤਿੰਨ ਸਾਲ ਤਕ ਇਨਫੋਸਿਸ ਕੰਪਨੀ ''ਚ ਸੇਵਾਵਾਂ ਦਿੱਤੀਆਂ। ਇਕਬਾਲ ਦੀ ਪ੍ਰੇਰਣਾ ਉਨ੍ਹਾਂ ਦੇ ਪਿਤਾ ਸੂਬੇਦਾਰ ਐੱਸ. ਐੱਸ. ਗਿੱਲ ਹਨ, ਜੋ ਕਿ ਰਿਟਾਇਰਡ ਹਨ। ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਸੀ, ਇਹ ਉਸ ਦਾ ਮੁੱਖ ਟੀਚਾ ਰਿਹਾ ਪਰ ਫੌਜ ''ਚ ਦੇਰ ਨਾਲ ਚੋਣ ਹੋਈ। ਇਕਬਾਲ ਦਾ ਕਹਿਣਾ ਹੈ ਕਿ ਭਾਵੇਂ ਹੀ ਵੱਡੀਆਂ ਕੰਪਨੀਆਂ ਸੈਲਰੀ ਪੈਕੇਜ ਦਿੰਦੀਆਂ ਹਨ ਪਰ ਫੌਜ ਵਿਚ ਬਿਹਤਰ ਤਨਖਾਹ ਦੇ ਨਾਲ ਸਹੂਲਤਾਂ ਵਧੀਆ ਹਨ, ਇਸ ਦੇ ਨਾਲ ਹੀ ਅਨੁਸ਼ਾਸਨ ਹੈ ਜਿਸ ਦਾ ਵੱਖਰਾ ਹੀ ਆਕਸ਼ਣ ਹੈ। ਫੌਜ ਵਿਚ ਪਹਿਲਾਂ ਦੀ ਤੁਲਨਾ ਵਿਚ ਹੁਣ ਸੈਲਰੀ ਪੈਕੇਜ ਬਿਹਤਰ ਹੈ।