ਖੌਫ਼ਨਾਕ ਕਾਰਾ: ਪਤਨੀ ਨਾਲ ਝਗੜੇ ਤੋਂ ਬਾਅਦ ਨੌਜਵਾਨ ਨੇ ਕੱਟਿਆ ਆਪਣਾ ਹੀ ਗੁਪਤ ਅੰਗ
Wednesday, May 06, 2026 - 10:03 PM (IST)
ਸਾਸਾਰਾਮ : ਬਿਹਾਰ ਦੇ ਸਾਸਾਰਾਮ ਜ਼ਿਲ੍ਹੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸ਼ਾਦੀਸ਼ੁਦਾ ਨੌਜਵਾਨ ਨੇ ਆਪਣੀ ਪਤਨੀ ਨਾਲ ਹੋਈ ਅਣਬਣ ਤੋਂ ਬਾਅਦ ਗੁੱਸੇ ਅਤੇ ਤਣਾਅ ਵਿੱਚ ਆ ਕੇ ਆਪਣਾ ਹੀ ਗੁਪਤ ਅੰਗ (ਪ੍ਰਾਈਵੇਟ ਪਾਰਟ) ਕੱਟ ਦਿੱਤਾ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ, ਕੁਸਡਿਹਰਾ ਪਿੰਡ ਦੇ ਰਹਿਣ ਵਾਲੇ 25 ਸਾਲਾ ਵਿਕਾਸ ਕੁਮਾਰ ਦੀ ਕਿਸੇ ਗੱਲ ਨੂੰ ਲੈ ਕੇ ਆਪਣੀ ਪਤਨੀ ਨਾਲ ਤਕਰਾਰ ਹੋ ਗਈ ਸੀ। ਗੁੱਸੇ ਵਿੱਚ ਆ ਕੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਆਪਣਾ ਗੁਪਤ ਅੰਗ ਕੱਟ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਆਪਣੀ ਗਰਦਨ ਵੀ ਕੱਟਣ ਦੀ ਕੋਸ਼ਿਸ਼ ਕੀਤੀ, ਪਰ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਦੇਖ ਲਿਆ ਅਤੇ ਤੁਰੰਤ ਰੋਕ ਲਿਆ।
ਗੰਭੀਰ ਰੂਪ ਵਿੱਚ ਜ਼ਖਮੀ ਨੌਜਵਾਨ ਨੂੰ ਤੁਰੰਤ ਸਾਸਾਰਾਮ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਬਿਹਤਰ ਇਲਾਜ ਲਈ ਵਾਰਾਣਸੀ ਰੈਫਰ ਕਰ ਦਿੱਤਾ ਹੈ। ਨੌਜਵਾਨ ਦੇ ਗੁਪਤ ਅੰਗ ਅਤੇ ਗਰਦਨ 'ਤੇ ਡੂੰਘੇ ਜ਼ਖਮ ਹਨ।
ਸਾਸਾਰਾਮ ਦੇ ਸਿਵਲ ਸਰਜਨ ਡਾਕਟਰ ਮਣੀਰਾਜ ਰੰਜਨ ਨੇ ਦੱਸਿਆ ਕਿ ਨੌਜਵਾਨ ਨੇ ਆਪਣੇ ਗੁਪਤ ਅੰਗ ਨੂੰ ਪੂਰੀ ਤਰ੍ਹਾਂ ਕੱਟ ਕੇ ਵੱਖ ਕਰ ਦਿੱਤਾ ਹੈ। ਉਨ੍ਹਾਂ ਮੁਤਾਬਕ ਇਸ ਪਿੱਛੇ ਮਨੋਵਿਗਿਆਨਕ ਕਾਰਨ ਹੋ ਸਕਦੇ ਹਨ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਭਾਵੇਂ ਇਲਾਜ ਤੋਂ ਬਾਅਦ ਨੌਜਵਾਨ ਦੀ ਸਿਹਤ ਵਿੱਚ ਸੁਧਾਰ ਹੋ ਜਾਵੇਗਾ, ਪਰ ਉਸ ਵਿੱਚ ਨਪੁੰਸਕਤਾ ਆ ਜਾਵੇਗੀ। ਫਿਲਹਾਲ ਇਸ ਮਾਮਲੇ ਸਬੰਧੀ ਕੋਈ ਪੁਲਸ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ, ਪਰ ਇਸ ਅਜੀਬੋ-ਗਰੀਬ ਮਾਮਲੇ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ।
