CM ਯੋਗੀ ਦੀ ਰਿਹਾਇਸ਼ ਸਮੇਤ 50 ਭਵਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ 2 ਸਕੇ ਭਰਾ ਗ੍ਰਿਫਤਾਰ
Sunday, Jun 14, 2020 - 06:33 PM (IST)

ਗੋਂਡਾ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਸਰਕਾਰੀ ਘਰ ਸਮੇਤ ਲਖਨਊ 'ਚ 50 ਭਵਨਾਂ ਨੂੰ ਬੰਬ ਧਮਾਕਾ ਕਰ ਕੇ ਉਡਾਉਣ ਦੀ ਧਮਕੀ ਦੇਣ ਵਾਲੇ 2 ਸਕੇ ਭਰਾਵਾਂ ਨੂੰ ਗੋਂਡਾ ਪੁਲਸ ਨੇ ਐਤਵਾਰ ਨੂੰ ਛਪੀਆ ਤੋਂ ਗ੍ਰਿਫਤਾਰ ਕੀਤਾ। ਪੁਲਸ ਸੁਪਰਡੈਂਟ ਰਾਜ ਕਰਨ ਨਈਅਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਰਾਜਧਾਨੀ ਸਥਿਤ ਡਾਇਲ 112 ਹੈੱਡ ਕੁਆਰਟਰ 'ਤੇ ਇਕ ਸੰਦੇਸ਼ ਪ੍ਰਾਪਤ ਹੋਇਆ ਸੀ, ਜਿਸ 'ਚ ਹੈੱਡ ਕੁਆਰਟਰ ਦੀ ਰਿਹਾਇਸ਼ ਸਮੇਤ ਰਾਜਧਾਨੀ ਦੇ 50 ਭਵਨਾਂ ਨੂੰ ਧਮਾਕਾ ਕਰ ਕੇ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਾਂਚ 'ਚ ਸੰਦੇਸ਼ ਭੇਜਣ ਵਾਲਾ ਮੋਬਾਇਲ ਨੰਬਰ ਜ਼ਿਲ੍ਹੇ ਦੇ ਛਪੀਆ ਥਾਣਾ ਖੇਤਰ ਦੇ ਟੀਕਰ ਦਾ ਨਿਕਲਿਆ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਲਖਨਊ ਦੇ ਪੁਲਸ ਕਮਿਸ਼ਨਰ ਤੋਂ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਜ਼ਿਲ੍ਹਾ ਪੁਲਸ ਦੀਆਂ ਵੱਖ-ਵੱਖ ਬਰਾਂਚਾਂ ਨੇ ਸਾਂਝੀ ਜਾਂਚ ਕਰਦੇ ਹੋਏ ਸਵਦੇਸ਼ ਗੌੜ ਉਰਫ਼ ਰਾਜਾ ਬਾਬੂ ਅਤੇ ਮਨੀਸ਼ ਨੂੰ ਗ੍ਰਿਫਤਾਰ ਕੀਤਾ।
ਨਈਅਰ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਰਾਜਾ ਬਾਬੂ ਨੇ ਸਵੀਕਾਰ ਕੀਤਾ ਕਿ ਉਸ ਨੇ ਆਪਣੇ ਮੋਬਾਇਲ ਤੋਂ ਇਸ ਸੰਦੇਸ਼ ਭੇਜਿਆ ਸੀ, ਜਿਸ ਦੀ ਪੁਸ਼ਟੀ ਤਕਨੀਕੀ ਜਾਂਚ 'ਚ ਵੀ ਹੋਈ ਹੈ। ਪੁਲਸ ਸੁਪਰਡੈਂਟ ਅਨੁਸਾਰ ਰਾਜਾ ਬਾਬੂ ਦੇ ਭਰਾ ਮਨੀਸ਼ ਨੂੰ ਸਬੂਤ ਮਿਟਾਉਣ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਹੈ, ਕਿਉਂਕਿ ਉਸ ਨੇ ਮੋਬਾਇਲ ਨੂੰ ਤੋੜ ਕੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਦੇ ਆਧਾਰ 'ਤੇ ਸਾਹਮਣੇ ਆਇਆ ਹੈ ਕਿ ਇਸ ਵਾਰ ਆਪਸੀ ਰੰਜਿਸ਼ ਕਾਰਨ ਰਾਜਾ ਨੇ ਪਿੰਡ ਦੇ ਕੁਝ ਲੋਕਾਂ ਨੂੰ ਫਸਾਉਣ ਦੇ ਮਕਸਦ ਨਾਲ ਇਸ ਤਰ੍ਹਾਂ ਦਾ ਧਮਕੀ ਭਰਿਆ ਸੰਦੇਸ਼ ਭੇਜਿਆ ਸੀ। ਪੁਲਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਮੋਬਾਇਲ ਫੋਨ ਬਰਾਮਦ ਕਰ ਲਿਆ ਹੈ।