ਯੋਗ ਦਿਵਸ : ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਨੇ ਸਮੂਹਿਕ ਯੋਗ ਪ੍ਰੋਗਰਾਮ ਦੀ ਅਗਵਾਈ ਕੀਤੀ
Tuesday, Jun 21, 2022 - 10:21 AM (IST)
ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 'ਕੌਮਾਂਤਰੀ ਯੋਗ ਦਿਵਸ' 'ਤੇ ਆਯੋਜਿਤ ਪ੍ਰੋਗਰਾਮ ਦੀ ਅਗਵਾਈ ਕਰਦੇ ਹੋਏ ਮੰਗਲਵਾਰ ਨੂੰ ਇੱਥੇ ਡਲ ਝੀਲ ਦੇ ਕਿਨਾਰੇ ਯੋਗ ਆਸਨ ਕੀਤੇ ਅਤੇ ਸਾਰਿਆਂ ਨੂੰ ਇਸ ਪ੍ਰਾਚੀਨ ਵਿਦਿਆ ਦਾ ਅਭਿਆਸ ਕਰਨ ਦੀ ਅਪੀਲ ਕੀਤੀ। ਕੇਂਦਰੀ ਪੰਚਾਇਤੀ ਰਾਜ ਮੰਤਰੀ ਕਪਿਲ ਪਾਟਿਲ, ਮੁੱਖ ਸਕੱਤਰ ਏ.ਕੇ. ਮੇਹਤਾ ਅਤੇ ਸ਼੍ਰੀਨਗਰ ਨਗਰ ਨਿਗਮ ਦੇ ਮਹਾਪੌਰ ਜੁਨੈਦ ਮੱਟੂ ਸਮੇਤ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ।
ਸਿਨਹਾ ਨੇ ਟਵੀਟ ਕੀਤਾ,''ਕੌਮਾਂਤਰੀ ਯੋਗ ਦਿਵਸ ਦੀਆਂ ਸ਼ੁੱਭਕਾਮਨਾਵਾਂ। ਕੇਂਦਰੀ ਰਾਜ ਮੰਤਰੀ ਕਪਿਲ ਪਾਟਿਲ ਅਤੇ ਸੈਂਕੜੇ ਲੋਕਾਂ ਨਾਲ ਸ਼੍ਰੀਨਗਰ ਦੀ ਡਲ ਝੀਲ 'ਚ ਯੋਗ ਦਿਵਸ 2022 'ਚ ਹਿੱਸਾ ਲਿਆ। ਮੈਂ ਸਾਰਿਆਂ ਨੂੰ ਸਿਹਤਮੰਦ ਅਤੇ ਕਲਿਆਣ ਦੇ ਪ੍ਰਤੀ ਦ੍ਰਿਸ਼ਟੀਕੋਣ ਲਈ ਯੋਗ ਨੂੰ ਜੀਵਨ ਦੇ ਅਭਿੰਨ ਅੰਗ ਦੇ ਰੂਪ 'ਚ ਅਪਣਾਉਣ ਦੀ ਅਪੀਲ ਕੀਤੀ।'' ਉਨ੍ਹਾਂ ਕਿਹਾ,''ਮਨੁੱਖਤਾ ਲਈ ਇਸ ਤੋਹਫੇ ਦਾ ਉਪਯੋਗ ਵੱਖ-ਵੱਖ ਵਿਕਾਰਾਂ ਦੇ ਇਲਾਜ ਦੇ ਮਕਸਦ ਨਾਲ ਡਾਕਟਰੀ ਅਭਿਆਸ ਦੇ ਰੂਪ 'ਚ ਸਰੀਰ, ਮਨ ਅਤੇ ਬੁੱਧੀ ਦਰਮਿਆਨ ਸੰਤੁਲਨ ਬਿਠਾਉਣ ਲਈ ਕੀਤਾ ਜਾ ਰਿਹਾ ਹੈ।'' ਸਿਨਹਾ ਨੇ ਕਿਹਾ ਕਿ ਇਸ ਸਾਲ ਕੌਮਾਂਤਰੀ ਯੋਗ ਦਿਵਸ ਦਾ ਵਿਸ਼ਾ 'ਮਨੁੱਖਤਾ ਲਈ ਯੋਗ' ਹੈ ਜੋ ਚੁਣੌਤੀਪੂਰਨ ਸਮੇਂ 'ਚ ਵਿਆਪਕ ਭਾਈਚਾਰੇ ਦੇ ਸੰਦੇਸ਼ ਨੂੰ ਰੇਖਾਂਕਿਤ ਕਰਦਾ ਹੈ।