ਔਖੇ ਸਮੇਂ ਦਾ ਸਾਹਮਣਾ ਕਰ ਰਹੇ ਹਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ
Sunday, Jul 10, 2022 - 09:50 AM (IST)
ਨੈਸ਼ਨਲ ਡੈਸਕ- ਝਾਰਖੰਡ ਵਲੋਂ ਵਿਰੋਧੀ ਧਿਰ ਦੇ ਰਾਸ਼ਟਰਪਤੀ ਅਹੁਦੇ ਦੇ ਸਾਂਝੇ ਉਮੀਦਵਾਰ ਨੂੰ ਝਟਕਾ ਦੇਣ ਅਤੇ ਮਮਤਾ ਬੈਨਰਜੀ ਵਲੋਂ ਇਹ ਕਹਿਣ ਕਿ ਉਨ੍ਹਾਂ ਨੂੰ ਪੱਛਮੀ ਬੰਗਾਲ ਆਉਣ ਦੀ ਲੋੜ ਨਹੀਂ ਹੈ, ਯਸ਼ਵੰਤ ਸਿਨ੍ਹਾ ਨੂੰ ਮਹਾਰਾਸ਼ਟਰ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਊਧਵ ਠਾਕਰੇ ਵੱਲੋਂ ਉਨ੍ਹਾਂ ਦੀ ਉਮੀਦਵਾਰੀ ਦੀ ਹਮਾਇਤ ਦਾ ਐਲਾਨ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਮਹਾ ਵਿਕਾਸ ਅਘਾੜੀ ਸਰਕਾਰ ਦੇ ਡਿੱਗਣ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਕਈ ਗੁਣਾਂ ਵੱਧ ਗਈਆਂ ਹਨ। ਸਾਰਿਆਂ ਦੀਆਂ ਨਜ਼ਰਾਂ ਮਹਾਰਾਸ਼ਟਰ ’ਤੇ ਟਿਕੀਆਂ ਹੋਈਆਂ ਹਨ ਜਿੱਥੇ ਊਧਵ ਠਾਕਰੇ ਦੇ 14 ਵਿਧਾਇਕ ਅਤੇ ਕੁਝ ਸੰਸਦ ਮੈਂਬਰ ਰਹਿ ਗਏ ਹਨ । ਅਜਿਹੇ ਸੰਕੇਤ ਹਨ ਕਿ 18 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪੈਣ ’ਤੇ ਐਨ. ਸੀ. ਪੀ. ਅਤੇ ਕਾਂਗਰਸ ਦੇ ਵੋਟਰਾਂ ਦੀ ਗਿਣਤੀ ਵੀ ਘੱਟ ਸਕਦੀ ਹੈ।
ਹੁਣ ਸਿਨਹਾ ਸਮਰਥਨ ਲੈਣ ਲਈ 17 ਜੁਲਾਈ ਨੂੰ ਮੁੰਬਈ ਆ ਰਹੇ ਹਨ। ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਤੋਂ ਪਿੱਛੇ ਹਟ ਰਹੀ ਹੈ। ਦਰਅਸਲ ਸਿਨਹਾ ਫੋਨ ’ਤੇ ਊਧਵ ਠਾਕਰੇ ਨਾਲ ਗੱਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ ਪਰ ਊਧਵ ਤਿਆਰ ਨਹੀਂ ਸਨ। ਅੰਤ ਵਿਚ ਊਧਵ ਠਾਕਰੇ ਨੇ ਹਾਮੀ ਭਰੀ ਅਤੇ ਸਿਨਹਾ ਨਾਲ ਗੱਲ ਕੀਤੀ। ਹਾਲਾਂਕਿ ਉਨ੍ਹਾਂ ਨੂੰ ਸਮਰਥਨ ਦੇਣ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ। ਸ਼ਿਵ ਸੈਨਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਦੇ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਅਸੀਂ ਸਿਨਹਾ ਨੂੰ ਸਮਰਥਨ ਦੇਣ ਦੇ ਮੁੱਦੇ ’ਤੇ ਅਗਲੇ ਕੁਝ ਦਿਨਾਂ ’ਚ ਫੈਸਲਾ ਲਵਾਂਗੇ।
ਇਹ ਖਦਸ਼ਾ ਹੈ ਕਿ 287 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ’ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦੌਪਦੀ ਮੁਰਮੂ ਨੂੰ 180 ਤੋਂ ਵੱਧ ਵਿਧਾਇਕਾਂ ਦਾ ਸਮਰਥਨ ਮਿਲ ਸਕਦਾ ਹੈ। ਹਰੇਕ ਵਿਧਾਇਕ ਦੀਆਂ 175 ਵੋਟਾਂ ਹਨ ਅਤੇ ਸਾਰੇ ਵਿਧਾਇਕਾਂ ਦੀਆਂ 50,225 ਵੋਟਾਂ ਹਨ। ਭਾਜਪਾ-ਸ਼ਿਵ ਸੈਨਾ (ਸ਼ਿੰਦੇ ਗਰੁੱਪ) ਕੋਲ 165 ਵਿਧਾਇਕਾਂ ਦਾ ਸਮਰਥਨ ਹੈ ਪਰ ਹੋਰ ਵਿਧਾਇਕਾਂ ਦੇ ਮੁਰਮੂ ਦੇ ਹੱਕ ’ਚ ਵੋਟ ਪਾਉਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਹਰੇਕ ਸੰਸਦ ਮੈਂਬਰ ਦੀਆਂ 708 ਵੋਟਾਂ ਹਨ। ਲੋਕ ਸਭਾ ’ਚ ਸ਼ਿਵ ਸੈਨਾ ਦੇ 19 ਮੈਂਬਰੀ ਸੰਸਦੀ ਦਲ ਵਿਚ ਕੋਈ ਰਸਮੀ ਵੰਡ ਨਹੀਂ ਹੋਈ ਹੈ ਪਰ ਸੰਭਾਵਨਾ ਹੈ ਕਿ ਉਨ੍ਹਾਂ ਵਿਚੋਂ ਵੀ ਜ਼ਿਆਦਾਤਰ ਮੁਰਮੂ ਨੂੰ ਹੀ ਵੋਟ ਪਾਉਣਗੇ।