ਪਰਿਵਾਰ ਜਦ ਤੱਕ ਤਲਾਕ ਦੀ ਹਮਾਇਤ ਨਹੀਂ ਕਰਦਾ, ਘਰ ਨਹੀਂ ਪਰਤਾਂਗਾ: ਤੇਜ ਪ੍ਰਤਾਪ

Saturday, Nov 10, 2018 - 10:13 AM (IST)

ਪਰਿਵਾਰ ਜਦ ਤੱਕ ਤਲਾਕ ਦੀ ਹਮਾਇਤ ਨਹੀਂ ਕਰਦਾ, ਘਰ ਨਹੀਂ ਪਰਤਾਂਗਾ: ਤੇਜ ਪ੍ਰਤਾਪ

ਪਟਨਾ-ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਨੇ ਕਿਹਾ ਹੈ ਕਿ ਜਦ ਤੱਕ ਮੇਰਾ ਪਰਿਵਾਰ ਮੇਰੇ ਤਲਾਕ ਦੀ ਹਮਾਇਤ ਨਹੀਂ ਕਰਦਾ, ਮੈਂ ਘਰ ਨਹੀਂ ਪਰਤਾਂਗਾ। ਸ਼ੁੱਕਰਵਾਰ ਇਕ ਨਿਊਜ਼ ਚੈਨਲ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਤੇਜ ਪ੍ਰਤਾਪ ਨੇ ਕਿਹਾ ਕਿ ਮੈਂ ਇਸ ਸਮੇਂ ਹਰਿਦੁਆਰ ਵਿਚ ਹਾਂ। ਉਨ੍ਹਾਂ ਆਪਣੇ ਛੋਟੇ ਭਰਾ ਤੇਜਸਵੀ ਨੂੰ ਉਸ ਦੇ ਜਨਮ ਦਿਨ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਦਿੱਲੀ ਵਿਚ ਇਸ ਸਬੰਧੀ ਹੋਣ ਵਾਲੇ ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕੇਗਾ। ਤੇਜਸਵੀ ਅੱਜਕਲ ਦਿੱਲੀ ਵਿਚ ਆਪਣੀਆਂ ਭੈਣਾਂ ਨੂੰ ਮਿਲਣ ਲਈ ਆਇਆ ਹੋਇਆ ਹੈ।

ਤੇਜ ਪ੍ਰਤਾਪ ਨੇ ਕਿਹਾ ਕਿ ਮੇਰੇ ਅਤੇ ਐਸ਼ਵਰਿਆ ਦੇ ਮੱਤਭੇਦ ਹੁਣ ਇਸ ਹੱਦ ਤੱਕ ਪਹੁੰਚ ਚੁੱਕੇ ਹਨ ਕਿ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਰਹੀ। ਮੈਂ ਆਪਣੇ ਮਾਤਾ-ਪਿਤਾ ਨੂੰ ਵਿਆਹ ਤੋਂ ਪਹਿਲਾਂ ਹੀ ਇਸ ਸਬੰਧੀ ਦੱਸਿਆ ਸੀ ਪਰ ਮੇਰੀ ਕਿਸੇ ਨੇ ਨਹੀਂ ਸੁਣੀ। ਜਦ ਤੱਕ ਪਰਿਵਾਰ ਦੇ ਮੈਂਬਰ ਮੇਰੇ ਤਲਾਕ ਲੈਣ ਦੇ ਫੈਸਲੇ ਨਾਲ ਸਹਿਮਤ ਨਹੀਂ ਹੁੰਦੇ, ਉਦੋਂ ਤੱਕ ਮੈਂ ਘਰ ਵਾਪਸ ਕਿਵੇਂ ਆ ਸਕਦਾ ਹਾਂ?


author

Iqbalkaur

Content Editor

Related News