OTT ਪਲੇਟਫਾਰਮਾਂ ਨੂੰ ਅਨੁਰਾਗ ਠਾਕੁਰ ਦੀ ਚਿਤਾਵਨੀ, ਭਾਰਤੀ ਸੱਭਿਆਚਾਰ ਦਾ ਅਪਮਾਨ ਬਰਦਾਸ਼ਤ ਨਹੀਂ

Friday, Jul 21, 2023 - 07:09 PM (IST)

OTT ਪਲੇਟਫਾਰਮਾਂ ਨੂੰ ਅਨੁਰਾਗ ਠਾਕੁਰ ਦੀ ਚਿਤਾਵਨੀ, ਭਾਰਤੀ ਸੱਭਿਆਚਾਰ ਦਾ ਅਪਮਾਨ ਬਰਦਾਸ਼ਤ ਨਹੀਂ

ਨਵੀਂ ਦਿੱਲੀ- ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ 'ਓਵਰ ਦਾ ਟਾਪ' (ਓ.ਟੀ.ਟੀ.) ਮੀਡੀਆ ਪ੍ਰਸਾਰਕਾਂ ਨੂੰ ਕਿਹਾ ਕਿ ਸਰਕਾਰ ਰਚਨਾਤਮਕ ਪ੍ਰਗਟਾਵੇ ਦੇ ਨਾਮ 'ਤੇ ਭਾਰਤੀ ਸੱਭਿਆਚਾਰ ਅਤੇ ਸਮਾਜ ਨੂੰ ਬਦਨਾਮ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਅਨੁਰਾਗ ਠਾਕੁਰ ਨੇ ਓ.ਟੀ.ਟੀ. ਪਲੇਟਫਾਰਮਾਂ ਦੇ ਪ੍ਰਤੀਨਿਧੀਆਂ ਦੀ ਮੀਟਿੰਗ ਦੌਰਾਨ ਇਹ ਗੱਲ ਕਹੀ।

ਕੇਂਦਰੀ ਮੰਤਰੀ ਨੇ ਓ.ਟੀ.ਟੀ. ਪ੍ਰਸਾਰਕਾਂ ਨੂੰ ਪ੍ਰਚਾਰ ਅਤੇ ਵਿਚਾਰਧਾਰਕ ਪੱਖਪਾਤ ਲਈ ਆਪਣੇ ਪਲੇਟਫਾਰਮ ਦੀ ਵਰਤੋਂ ਨਾ ਕਰਨ ਲਈ ਕਿਹਾ। ਉਨ੍ਹਾਂ ਕਿਹਾ, ''ਭਾਰਤ ਭਿੰਨਤਾਵਾਂ ਨਾਲ ਭਰਪੂਰ ਦੇਸ਼ ਹੈ। ਓ.ਟੀ.ਟੀ. ਪਲੇਟਫਾਰਮ ਨੂੰ ਦੇਸ਼ ਦੀ ਸਮੁੱਚੀ ਚੇਤਨਾ ਨੂੰ ਪ੍ਰਤੀਬਿੰਬਤ ਕਰਨਾ ਚਾਹੀਦਾ ਹੈ ਅਤੇ ਹਰ ਉਮਰ ਸਮੂਹ ਦੇ ਲੋਕਾਂ ਲਈ ਇੱਕ ਸਿਹਤਮੰਦ ਅਨੁਭਵ ਵਾਲੀ ਸਮੱਗਰੀ ਪ੍ਰਦਾਨ ਕਰਨੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਜਦੋਂ ਅਸੀਂ ਭਾਰਤ ਦੀ ਸਿਰਜਣਾਤਮਕ ਆਰਥਿਕਤਾ ਨੂੰ ਅੱਗੇ ਲੈ ਜਾ ਰਹੇ ਹਾਂ, ਤਾਂ ਇਹ ਪਲੇਟਫਾਰਮ ਦੇਸ਼ ਦੀ ਸੱਭਿਆਚਾਰਕ ਭਿੰਨਤਾ ਪ੍ਰਤੀ ਸੰਵੇਦਨਸ਼ੀਲ ਹੋਣੇ ਚਾਹੀਦੇ ਹਨ।

ਅਨੁਰਾਗ ਠਾਕੁਰ ਨੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਇਸ ਟੀਚੇ ਨੂੰ ਹਾਸਲ ਕਰਨ ਲਈ ਗਠਜੋੜ ਅਤੇ ਸੰਪਰਕਾਂ ਨੂੰ ਹੋਰ ਮਜ਼ਬੂਤ ​​ਕਰਨ 'ਤੇ ਧਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਓ.ਟੀ.ਟੀ. ਪਲੇਟਫਾਰਮਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਪਲੇਟਫਾਰਮਾਂ ਤੋਂ ਰਚਨਾਤਮਕ ਪ੍ਰਗਟਾਵੇ ਦੇ ਨਾਂ 'ਤੇ ਅਸ਼ਲੀਲਤਾ ਪੇਸ਼ ਨਾ ਕੀਤੀ ਜਾਵੇ।


author

Rakesh

Content Editor

Related News