ਔਰਤ ਨੇ ਭਾਜਪਾ ਨੂੰ ਪਾਈ ਵੋਟ ਤਾਂ ਨਾਰਾਜ਼ ਸ਼ੌਹਰ ਬੋਲਿਆ, ‘ਤਲਾਕ ਤਲਾਕ ਤਲਾਕ’

Wednesday, Jun 26, 2024 - 10:26 AM (IST)

ਛਿੰਦਵਾੜਾ- ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ’ਚ 26 ਸਾਲਾ ਇਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪਤੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਸਮਰਥਨ ਕਰਨ ਅਤੇ ਹੋਰ ਕਾਰਨਾਂ ਤੋਂ ਨਾਰਾਜ਼ ਹੋ ਕੇ ਉਸ ਨੂੰ ਤਿੰਨ ਵਾਰ ਤਲਾਕ ਕਹਿ ਕੇ ਉਸ ਨਾਲੋਂ ਸਬੰਧ ਤੋੜ ਲਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਔਰਤ ਦੇ ਪਤੀ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ ਅਤੇ ਪਤਨੀ ’ਤੇ ਬਾਹਰੀ ਸਬੰਧ ਰੱਖਣ ਦਾ ਦੋਸ਼ ਲਾਇਆ ਹੈ।

ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਥਾਣਾ ਇੰਚਾਰਜ ਨੇ ਦੱਸਿਆ ਕਿ ਔਰਤ ਇਕ ਸਿਆਸੀ ਪਾਰਟੀ ਦਾ ਸਮਰਥਨ ਕਰਦੀ ਹੈ ਅਤੇ ਉਸ ਨੇ ਉਸ ਪਾਰਟੀ ਦੇ ਪੱਖ ’ਚ ਵੋਟ ਪਾਈ, ਜਿਸ ਤੋਂ ਨਾਰਾਜ਼ ਹੋ ਕੇ ਉਸ ਦੇ ਪਤੀ ਨੇ ਉਸ ਨੂੰ ਤਿੰਨ ਵਾਰ ਤਲਾਕ ਕਹਿ ਕੇ ਉਸ ਨਾਲੋਂ ਸਬੰਧ ਤੋੜ ਲਏ। ਉਨ੍ਹਾਂ ਦੱਸਿਆ ਕਿ ਔਰਤ ਦੀ ਸ਼ਿਕਾਇਤ ’ਤੇ ਪੁਲਸ ਨੇ ਉਸ ਦੇ ਪਤੀ, ਸੱਸ ਅਤੇ ਚਾਰ ਨਨਾਣਾਂ ਦੇ ਖਿਲਾਫ ਦਾਜ ਮਨਾਹੀ ਐਕਟ, ਮੁਸਲਿਮ ਵੂਮੈਨ (ਪ੍ਰੋਟੈਕਸ਼ਨ ਆਫ ਮੈਰਿਜ ਰਾਈਟਸ) ਐਕਟ ਅਤੇ IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਮਹਿਲਾ ਨੇ ਥਾਣਾ ਕੋਤਵਾਲੀ 'ਚ ਦਿੱਤੀ ਆਪਣੀ ਸ਼ਿਕਾਇਤ ਵਿਚ ਜਾਣਕਾਰੀ ਦਿੱਤੀ ਹੈ ਕਿ ਸਾਡਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ। ਕੁਝ ਸਮੇਂ ਤੱਕ ਉਸ ਦੇ ਸਹੁਰਿਆਂ ਨਾਲ ਚੰਗੇ ਸਬੰਧ ਰਹੇ ਪਰ ਬਾਅਦ 'ਚ ਉਸ ਦਾ ਪਤੀ, ਸੱਸ ਅਤੇ ਨਨਾਣ ਨੇ ਕਿਸੇ ਨਾ ਕਿਸੇ ਗੱਲ 'ਤੇ ਉਸ ਨੂੰ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ। ਡੇਢ ਸਾਲ ਪਹਿਲਾਂ ਮੇਰੇ ਸਹੁਰਿਆਂ ਨੇ ਵੀ ਮੈਨੂੰ ਘਰੋਂ ਕੱਢ ਦਿੱਤਾ ਸੀ। ਹੁਣ ਉਹ ਆਪਣੇ ਪਤੀ ਨਾਲ ਕਿਰਾਏ ਦੇ ਕਮਰੇ ਵਿਚ ਰਹਿੰਦੀ ਸੀ। ਇਸ ਦੌਰਾਨ ਜਦੋਂ ਚੋਣਾਂ ਹੋਈਆਂ ਤਾਂ ਮਹਿਲਾ ਨੇ ਭਾਜਪਾ ਦਾ ਸਮਰਥਨ ਕੀਤਾ ਅਤੇ ਉਸ ਦੇ ਹੱਕ ਵਿਚ ਵੋਟ ਪਾਈ। ਇਸ ਕਾਰਨ ਉਸ ਦਾ ਪਤੀ ਨਾਰਾਜ਼ ਹੋ ਗਿਆ ਅਤੇ  ਉਸ ਨੇ ਉਸਨੂੰ 'ਤਿੰਨ ਤਲਾਕ' ਦਿੱਤਾ।


Tanu

Content Editor

Related News