ਬਿਹਾਰ ਵਿਧਾਨ ਸਭਾ ਚੋਣਾਂ ''ਚ ਮਹਿਲਾ ਉਮੀਦਵਾਰਾਂ ਨੇ ਗੱਡੇ ਝੰਡੇ ! 29 ਸੀਟਾਂ ''ਤੇ ਦਰਜ ਕੀਤੀ ਜਿੱਤ
Saturday, Nov 15, 2025 - 12:27 PM (IST)
ਨੈਸ਼ਨਲ ਡੈਸਕ- ਬੀਤੇ ਦਿਨ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ 'ਚ ਐੱਨ.ਡੀ.ਏ. ਨੇ ਸ਼ਾਨਦਾਰ ਜਿੱਤ ਦਰਜ ਕਰ ਕੇ ਇਕ ਵਾਰ ਫ਼ਿਰ ਤੋਂ ਸਰਕਾਰ ਕਾਬਜ਼ ਕਰ ਲਈ ਹੈ। ਇਨ੍ਹਾਂ ਚੋਣਾਂ ਵਿੱਚ ਔਰਤਾਂ ਦਾ ਵੀ ਚੰਗਾ ਬੋਲਬਾਲਾ ਰਿਹਾ ਤੇ 29 ਸੀਟਾਂ 'ਤੇ ਔਰਤਾਂ ਨੇ ਜਿੱਤ ਪ੍ਰਾਪਤ ਕੀਤੀ।
ਇਨ੍ਹਾਂ ਚੋਣਾਂ 'ਚ ਕੁੱਲ 2,616 ਉਮੀਦਵਾਰਾਂ ਨੇ ਚੋਣਾਂ ਲੜੀਆਂ, ਜਿਨ੍ਹਾਂ 'ਚੋਂ 258 ਔਰਤਾਂ ਸਨ ਤੇ 29 ਔਰਤਾਂ ਨੇ ਜਿੱਤ ਹਾਸਲ ਕੀਤੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਦੀਆਂ 10-10 ਮਹਿਲਾ ਉਮੀਦਵਾਰਾਂ ਨੇ ਚੋਣਾਂ ਜਿੱਤੀਆਂ। ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਅਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੀਆਂ 3-3 ਔਰਤਾਂ ਨੇ ਜਿੱਤ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ- ਬ੍ਰਾਜ਼ੀਲ ; ਪਾਰਟੀ ਹਾਲ 'ਚ ਭਿੜ ਗਈਆਂ 2 ਧਿਰਾਂ ! ਚੱਲੀਆਂ ਤਾਬੜਤੋੜ ਗੋਲ਼ੀਆਂ, 6 ਲੋਕਾਂ ਦੀ ਗਈ ਜਾਨ
ਇਸ ਤੋਂ ਇਲਾਵਾ ਹਿੰਦੁਸਤਾਨੀ ਅਵਾਮ ਮੋਰਚਾ (ਐੱਚ.ਏ.ਐੱਮ.) ਦੀਆਂ 2 ਮਹਿਲਾ ਉਮੀਦਵਾਰਾਂ ਅਤੇ ਰਾਸ਼ਟਰੀ ਲੋਕ ਮੋਰਚਾ (ਆਰ.ਐੱਲ.ਐੱਮ.) ਦੀ 1 ਮਹਿਲਾ ਉਮੀਦਵਾਰ ਨੇ ਚੋਣਾਂ ਜਿੱਤੀਆਂ। ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨ.ਡੀ.ਏ.), ਜੋ ਕਿ ਔਰਤਾਂ-ਪੱਖੀ ਹੋਣ ਦਾ ਦਾਅਵਾ ਕਰਦਾ ਹੈ, ਨੇ ਇਸ ਚੋਣ ਵਿੱਚ 34 ਔਰਤਾਂ ਨੂੰ ਟਿਕਟਾਂ ਦਿੱਤੀਆਂ। ਭਾਜਪਾ ਅਤੇ ਜੇਡੀਯੂ, ਜੋ ਕਿ ਐੱਨ.ਡੀ.ਏ. ਦਾ ਹਿੱਸਾ ਹਨ ਨੇ 13-13 ਔਰਤਾਂ ਨੂੰ ਮੈਦਾਨ ਵਿੱਚ ਉਤਾਰਿਆ, ਜਦੋਂ ਕਿ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 5, ਐੱਚ.ਏ.ਐੱਮ. ਨੇ 2 ਅਤੇ ਰਾਸ਼ਟਰੀ ਲੋਕ ਮੋਰਚਾ (ਆਰ.ਐੱਲ.ਐੱਮ) ਨੇ 1 ਮਹਿਲਾ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ।
ਜ਼ਿਕਰਯੋਗ ਹੈ ਕਿ 2020 ਦੀਆਂ ਚੋਣਾਂ ਵਿੱਚ 370 ਔਰਤਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ 26 ਵਿਧਾਇਕ ਬਣੀਆਂ ਸਨ। ਭਾਜਪਾ ਕੋਲ ਸਭ ਤੋਂ ਵੱਧ ਮਹਿਲਾ ਉਮੀਦਵਾਰ ਹਨ, ਜਿਨ੍ਹਾਂ 'ਚੋਂ 9 ਨੇ ਚੋਣਾਂ ਜਿੱਤੀਆਂ ਹਨ। ਇਸ ਦੌਰਾਨ ਜੇ.ਡੀ.ਯੂ. ਦੀਆਂ 6, ਆਰ.ਜੇ.ਡੀ. ਦੀਆਂ 7, ਕਾਂਗਰਸ ਦੀਆਂ 2, ਅਤੇ ਐੱਚ.ਏ.ਐੱਮ. ਅਤੇ ਵੀ.ਆਈ.ਪੀ. ਪਾਰਟੀਆਂ ਦੀ 1-1 ਮਹਿਲਾ ਉਮੀਦਵਾਰ ਨੇ ਚੋਣਾਂ ਜਿੱਤੀਆਂ ਹਨ।
