ਟੀਕੇ ਦੀ ਇਕ ਵੀ ਖ਼ੁਰਾਕ ਨਹੀਂ ਲੈਣ ਵਾਲੀ 27 ਸਾਲਾ ਔਰਤ ਦੀ ਕੋਰੋਨਾ ਨਾਲ ਮੌਤ
Wednesday, Jul 27, 2022 - 05:22 PM (IST)
ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਕੋਰੋਨਾ ਰੋਕੂ ਟੀਕੇ ਦੀ ਇਕ ਵੀ ਖੁਰਾਕ ਨਹੀਂ ਲੈਣ ਵਾਲੀ 27 ਸਾਲਾ ਔਰਤ ਦੀ ਸੰਕਰਮਣ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਇਹ ਔਰਤ ਗੁਰਦੇ ਦੀ ਬੀਮਾਰੀ ਨਾਲ ਪਹਿਲਾਂ ਹੀ ਜੂਝ ਰਹੀ ਸੀ। ਹਸਪਤਾਲ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਮੁਤਾਬਕ ਔਰਤ ਨੂੰ ‘ਪੈਨਸਾਈਟੋਪੀਨੀਆ’ ਅਤੇ ਗੁਰਦਿਆਂ ਦੀ ਸਮੱਸਿਆ ਕਾਰਨ 21 ਜੁਲਾਈ ਨੂੰ ਸਰਕਾਰੀ ਮਨੋਰਮਾ ਰਾਜੇ ਟੀਬੀ (ਐੱਮ.ਆਰ.ਟੀ.ਬੀ.) ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਇਲਾਜ ਦੌਰਾਨ 24 ਜੁਲਾਈ ਦੀ ਰਾਤ ਨੂੰ ਉਸ ਨੇ ਆਖਰੀ ਸਾਹ ਲਿਆ।
ਇਹ ਵੀ ਪੜ੍ਹੋ : ਚੋਣਾਂ ’ਚ 'ਮੁਫ਼ਤ ਚੀਜ਼ਾਂ' ਦੇ ਵਾਅਦਿਆਂ 'ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਨੂੰ ਦਿੱਤਾ ਇਹ ਆਦੇਸ਼
ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਜਾਂਚ ਦੌਰਾਨ ਔਰਤ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਸੀ ਅਤੇ ਉਸ ਨੇ ਕੋਰੋਨਾ ਰੋਕੂ ਟੀਕੇ ਦੀ ਇਕ ਵੀ ਖੁਰਾਕ ਨਹੀਂ ਲਈ ਸੀ। ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀ.ਐੱਮ.ਐੱਚ.ਓ.) ਡਾ. ਬੀ.ਐੱਸ. ਸੈਤਿਆ ਨੇ ਵੀ ਪੁਸ਼ਟੀ ਕੀਤੀ ਕਿ ਔਰਤ ਨੂੰ ਮਹਾਮਾਰੀ ਰੋਕੂ ਵੈਕਸੀਨ ਨਹੀਂ ਲੱਗੀ ਸੀ। ਸਿਹਤ ਵਿਭਾਗ ਨੇ ਇਸ ਔਰਤ ਦੀ ਮੌਤ ਦੇ ਅੰਕੜੇ ਨੂੰ 26 ਜੁਲਾਈ (ਮੰਗਲਵਾਰ) ਦੀ ਰਾਤ ਨੂੰ ਜਾਰੀ ਕੀਤੇ ਨਿਯਮਿਤ ਕੋਵਿਡ-19 ਬੁਲੇਟਿਨ 'ਚ ਸ਼ਾਮਲ ਕੀਤੀ। ਇਸ ਦੇ ਨਾਲ ਇੰਦੌਰ ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 1,465 ਹੋ ਗਈ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ਦੌਰਾਨ 104 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਰਾਜ ਵਿਚ ਕੋਵਿਡ -19 ਤੋਂ ਸਭ ਤੋਂ ਵੱਧ ਪ੍ਰਭਾਵਿਤ ਰਹੇ। ਜ਼ਿਲ੍ਹੇ ਵਿਚ 24 ਮਾਰਚ 2020 ਤੋਂ ਹੁਣ ਤੱਕ ਸੰਕਰਮਣ ਦੇ ਕੁੱਲ 2,10,768 ਮਾਮਲੇ ਸਾਹਮਣੇ ਆ ਚੁਕੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ