ਹੈੱਡਫੋਨ ਲਾ ਕੇ ਕਾਰ ਚਲਾ ਰਹੀ ਮਹਿਲਾ ਨੇ ਬੱਚੇ ਨੂੰ ਮਾਰੀ ਟੱਕਰ, ਮੌਤ
Friday, Aug 04, 2017 - 02:17 AM (IST)
ਨਵੀਂ ਦਿੱਲੀ— ਦੱਖਣੀ-ਪੱਛਮੀ ਦਿੱਲੀ ਦੇ ਪਾਲਮ ਇਲਾਕੇ 'ਚ ਕਾਰ ਦੀ ਟੱਕਰ ਕਾਰਨ ਢਾਈ ਸਾਲਾ ਇਕ ਬੱਚੇ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪੁਲਸ ਨੇ ਦੱਸਿਆ ਕਿ ਦੋਸ਼ੀ ਮਹਿਲਾ (25) ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ 'ਚ ਉਸ ਨੂੰ ਜਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਇਸ ਘਟਨਾ ਦਾ ਪਤਾ ਵੀਰਵਾਰ ਨੂੰ ਲੱਗਾ। ਪੁਲਸ ਨੇ ਦੱਸਿਆ ਕਿ ਦੀਪਕ ਨਾਂ ਦਾ ਇਕ ਬੱਚਾ ਜੋ ਖੇਡਦਾ-ਖੇਡਦਾ ਆਪਣੇ ਘਰ ਤੋਂ ਬਾਹਰ ਨਿਕਲ ਗਿਆ ਅਤੇ ਉਸ ਦੀ ਮਾਂ ਉਸ ਦੇ ਪਿੱਛੇ-ਪਿੱਛੇ ਚਲੀ ਗਈ ਪਰ ਇਸ ਦੌਰਾਨ ਇਕ ਕਾਰ ਨੇ ਬੱਚੇ ਨੂੰ ਟੱਕਰ ਮਾਰ ਦਿੱਤੀ। ਬੱਚੇ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਨੇ ਕਾਰ ਨੂੰ ਆਉਂਦਾ ਦੇਖ ਰੋਲਾ ਪਾਇਆ ਪਰ ਹੈੱਡਫੋਨ ਲੱਗਾ ਕੇ ਕਾਰ ਚਲਾ ਰਹੀ ਮਹਿਲਾ ਨੇ ਵਾਹਨ ਦੀ ਰਫਤਾਰ ਘੱਟ ਨਹੀਂ ਕੀਤੀ। ਬੱਚੇ ਦੀ ਮਾਂ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਉਹ ਆਪਣੇ ਬੇਟੇ ਨੂੰ ਸਥਾਨਕ ਹਸਪਤਾਲ ਲੈ ਗਈ, ਜਿੱਥੇ ਉਸ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਉਸ ਨੂੰ ਡੀ. ਡੀ. ਯੂ. ਹਸਪਤਾਲ ਲੈ ਗਈ ਪਰ ਉਥੇ ਉਸ ਦੇ ਬੇਟੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਦੀਪਕ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤ ਸੀ।
