ਹੈਦਰਾਬਾਦ ''ਚ ਖ਼ੌਫ਼ਨਾਕ ਕਾਂਡ ! ਔਰਤ ਨੇ ਧੀ-ਪੁੱਤ ਸਣੇ ਰੇਲਗੱਡੀ ਅੱਗੇ ਮਾਰੀ ਛਾਲ, ਤਿੰਨਾਂ ਦੀ ਹੋਈ ਮੌਤ
Saturday, Jan 31, 2026 - 04:54 PM (IST)
ਨੈਸ਼ਨਲ ਡੈਸਕ- ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ 38 ਸਾਲਾ ਮਹਿਲਾ ਨੇ ਆਪਣੇ ਦੋ ਜਵਾਨ ਬੱਚਿਆਂ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 12:40 ਵਜੇ ਚਰਲਪੱਲੀ ਰੇਲਵੇ ਸਟੇਸ਼ਨ ਦੇ ਨੇੜੇ ਵਾਪਰੀ। ਮ੍ਰਿਤਕਾਂ ਵਿੱਚ 38 ਸਾਲਾ ਮਹਿਲਾ, ਉਸ ਦੀ 18 ਸਾਲਾ ਬੇਟੀ ਅਤੇ 17 ਸਾਲਾ ਬੇਟਾ ਸ਼ਾਮਲ ਹਨ। ਇਹ ਪਰਿਵਾਰ ਚੇਂਗੀਚੇਰਲਾ ਇਲਾਕੇ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਉਕਤ ਔਰਤ ਇੱਕ ਸਾਫਟਵੇਅਰ ਕੰਪਨੀ ਵਿੱਚ ਕੰਮ ਕਰਦੀ ਸੀ, ਜਦਕਿ ਉਸ ਦਾ ਪਤੀ ਰੁਜ਼ਗਾਰ ਦੇ ਸਿਲਸਿਲੇ ਵਿੱਚ ਦੁਬਈ ਵਿੱਚ ਰਹਿੰਦਾ ਹੈ। ਰੇਲਵੇ ਪੁਲਸ ਅਨੁਸਾਰ, ਤਿੰਨਾਂ ਨੇ ਇੱਕ ਮਾਲ ਗੱਡੀ ਦੇ ਸਾਹਮਣੇ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ।
ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਗਾਂਧੀ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਹੈ। ਫਿਲਹਾਲ ਇਸ ਖੌਫਨਾਕ ਕਦਮ ਨੂੰ ਚੁੱਕਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
