ਕੀ ਮਈ-ਜੂਨ ’ਚ ਮੋਦੀ ਮੰਤਰੀ ਮੰਡਲ ’ਚ ਹੋਵੇਗਾ ਫੇਰਬਦਲ?
Tuesday, Apr 25, 2023 - 12:24 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਈ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਘੱਟੋ-ਘੱਟ 360 ਸੀਟਾਂ ਜਿੱਤਣ ਲਈ ਭਾਜਪਾ ਲੀਡਰਸ਼ਿਪ ਅੱਗੇ ਇੱਕ ਅਭਿਲਾਸ਼ੀ ਯੋਜਨਾ ਰੱਖੀ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੰਤਰੀ ਮੰਡਲ ’ਚ ਫੇਰਬਦਲ ਹੋਣ ਦੀ ਸੰਭਾਵਨਾ ਹੈ।
ਕਰਨਾਟਕ ਦੀ ਜਿੱਤ ਭਾਜਪਾ ਲਈ ਅਹਿਮ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਮਈ ਵਿਚ ਆਪਣੀ ਸਰਕਾਰ ਦੇ 9 ਸਾਲ ਪੂਰੇ ਕਰ ਰਹੇ ਹਨ। ਉਹ ਇਸ ਪ੍ਰਾਪਤੀ ਨੂੰ ਵੱਡੇ ਪੱਧਰ ’ਤੇ ਮਨਾਉਣ ਦੀ ਯੋਜਨਾ ਬਣਾ ਰਹੇ ਹਨ। ਜੇ ਭਾਜਪਾ ਸੂਬੇ ਦੀ ਸੱਤਾ ’ਤੇ ਕਾਬਜ਼ ਰਹਿੰਦੀ ਹੈ ਤਾਂ ਮੰਤਰੀ ਮੰਡਲ ਦੇ ਫੇਰਬਦਲ ਦਾ ਰੂਪ ਬਿਲਕੁਲ ਵੱਖਰਾ ਹੋਵੇਗਾ। ਭਾਜਪਾ ਲੀਡਰਸ਼ਿਪ ਨੂੰ ਵਖ-ਵਖ ਸੂਬਿਆਂ ’ਚ ਆਪਣੇ ਖੇਤਰੀ ਸਹਿਯੋਗੀਆਂ ਦਾ ਵੀ ਧਿਆਨ ਰੱਖਣਾ ਹੋਵੇਗਾ ਜਿਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਬਦਲ ਦਿੱਤਾ ਜਾਂਦਾ ਹੈ । ਜਿਸ ਤਰ੍ਹਾਂ ਬੀ.ਐਸ. ਯੇਦੀਯੁਰੱਪਾ ਨੂੰ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਇੱਛਾ ਵਿਰੁੱਧ ਬਰਖਾਸਤ ਕੀਤੇ ਜਾਣ ਤੋਂ ਬਾਅਦ ਲੀਡਰਸ਼ਿਪ ਵਲੋਂ ਵਾਪਸ ਲਿਆਂਦਾ ਗਿਆ ਹੈ, ਇਹ ਸੰਕੇਤ ਦਿੰਦਾ ਹੈ ਕਿ ਇਹ ਫੇਰਬਦਲ ਇੱਕ ਨਾਜ਼ੁਕ ਕਵਾਇਦ ਹੋਵੇਗੀ।
ਮੋਦੀ ਸਰਕਾਰ ਏਕਨਾਥ ਸ਼ਿੰਦੇ ਧੜੇ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਦਲ-ਬਦਲੀ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਦੀ ਵੀ ਉਡੀਕ ਕਰ ਰਹੀ ਹੈ। ਜੇ ਐੱਨ. ਸੀ. ਪੀ. ਸਰਕਾਰ ’ਚ ਸ਼ਾਮਲ ਹੁੰਦੀ ਹੈ ਤਾਂ ਇਸ ਦੇ ਸੰਸਦ ਮੈਂਬਰਾਂ ਨੂੰ ਮੰਤਰੀ ਮੰਡਲ ’ਚ ਜਗ੍ਹਾ ਮਿਲ ਸਕਦੀ ਹੈ। ਇਸ ਗੱਲ ਦੀ ਸੰਭਾਵਨਾ ਹੈ ਕਿ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਜਸ਼ਨ ਤੋਂ ਬਾਅਦ ਮੰਤਰੀ ਮੰਡਲ ਵਿੱਚ ਫੇਰਬਦਲ ਹੋ ਸਕਦਾ ਹੈ।
ਇਹ ਵੀ ਸਪੱਸ਼ਟ ਤੌਰ ’ਤੇ ਉਭਰ ਰਿਹਾ ਹੈ ਕਿ ਫੋਕਸ ਉਨ੍ਹਾਂ ਸੂਬਿਆਂ ’ਤੇ ਹੋਵੇਗਾ ਜਿੱਥੇ ਭਾਜਪਾ ਨੂੰ ਆਪਣੀ ਗਿਣਤੀ ਸੁਧਾਰਨ ਦੀ ਲੋੜ ਹੈ। ਮੌਜੂਦਾ ਮੰਤਰੀਆਂ ਦੀ ਉਮਰ, ਮੰਤਰਾਲਿਆਂ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਲੋਕ ਸਭਾ ਸੀਟਾਂ ਦੀ ਗਿਣਤੀ ਵਿੱਚ ਮਦਦ ਕਰਨ ਦੀ ਉਨ੍ਹਾਂ ਦੀ ਯੋਗਤਾ ਇਸ ਫੇਰਬਦਲ ਵਿੱਚ ਮਾਰਗਦਰਸ਼ਕ ਕਾਰਕ ਹੋ ਸਕਦੀ ਹੈ। ਜੇ ਭਾਜਪਾ ਕਰਨਾਟਕ ’ਚ ਜਿੱਤ ਜਾਂਦੀ ਹੈ ਤਾਂ ਇਹ ਮਜ਼ਬੂਤ ਖੇਤਰੀ ਨੇਤਾਵਾਂ ਪ੍ਰਤੀ ਹੋਰ ਵਧੇਰੇ ਸਖਤ ਹੋਵੇਗੀ, ਜੋ ਪਾਰਟੀ ਲਈ ਸਮੱਸਿਆ ਬਣੇ ਹੋਏ ਹਨ।
ਪੱਛਮੀ ਬੰਗਾਲ, ਤੇਲੰਗਾਨਾ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡਿਸ਼ਾ, ਬਿਹਾਰ ਤੇ ਮਹਾਰਾਸ਼ਟਰ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਪੰਜਾਬ ਵੀ ਭਾਜਪਾ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿੱਥੇ ਪਾਰਟੀ ਆਪਣੇ ਪੈਰ ਜਮਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਰਾਜ ਸਭਾ ਦੇ ਕੁਝ ਪ੍ਰਮੁੱਖ ਮੰਤਰੀਆਂ ਨੂੰ ਵੀ ਲੋਕ ਸਭਾ ਚੋਣਾਂ ਲੜਨ ਲਈ ਕਿਹਾ ਜਾਵੇਗਾ।