ਕੀ ਚੋਣ ਸਿਆਸਤ ਛੱਡ ਦੇਵੇਗੀ ਸੋਨੀਆ ਗਾਂਧੀ?
Thursday, May 12, 2022 - 10:29 AM (IST)
ਨਵੀਂ ਦਿੱਲੀ– ਪਾਰਟੀ ਦੇ ਦਬਦਬੇ ਨੂੰ ਖਤਮ ਕਰਨ ਲਈ ਕਾਂਗਰਸ ਕਾਰਜ ਕਮੇਟੀ ਦੇ ਸਾਹਮਣੇ ‘ਇਕ ਟਿਕਟ ਇਕ ਪਰਿਵਾਰ’ ਦੇ ਨਿਯਮ ਦਾ ਮਤਾ ਰੱਖਿਆ ਗਿਆ ਹੈ। ਇਸ ਨਿਯਮ ਨਾਲ ਕਈ ਸਵਾਲ ਖੜੇ ਹੋ ਗਏ ਹਨ। ਪਹਿਲਾ ਸਵਾਲ ਇਹ ਹੈ ਕਿ ਗਾਂਧੀ ਪਰਿਵਾਰ ਦੇ 3 ਮੈਂਬਰਾਂ ਅਤੇ ਪਰਿਵਾਰ ਦੇ ਜਵਾਈ ਰਾਬਰਟ ਵਢੇਰਾ ’ਚੋਂ ਕੌਣ ਚੋਣ ਲੜੇਗਾ। ਕੁਝ ਸਮਾਂ ਪਹਿਲਾਂ ਵਢੇਰਾ ਨੇ 2024 ’ਚ ਚੋਣ ਲੜਣ ਦੇ ਸੰਕੇਤ ਦਿੱਤੇ ਸਨ। ਇਸ ਮਤੇ ’ਤੇ ਚਿੰਤਨ ਕੈਂਪ ’ਚ ਕੋਈ ਚਰਚਾ ਹੋਵੇਗੀ ਜਾਂ ਨਹੀਂ ਇਸ ਦਾ ਅਨੁਮਾਨ ਨਹੀਂ ਹੈ ਪਰ ਸੰਭਵ ਹੈ ਤਿੰਨੋਂ ਗਾਧੀਆਂ ’ਚੋਂ ਸਿਰਫ ਰਾਹੁਲ ਗਾਂਧੀ ਹੀ ਚੋਣ ਲੜਣ ਅਤੇ ਸੋਨੀਆ ਗਾਂਧੀ ਚੋਣ ਸਿਆਸਤ ਨੂੰ ਅਲਵਿਦਾ ਕਹਿ ਸਕਦੀ ਹੈ।
2019 ’ਚ ਅਮੇਠੀ ਲੋਕ ਸਭਾ ਸੀਟ ਤੋਂ ਚੋਣ ਹਾਰਨ ਤੋਂ ਬਾਅਦ ਕਾਂਗਰਸ ਨੂੰ ਹਮੇਸ਼ਾ ਯੂ. ਪੀ. ’ਚ ਆਪਣੇ ਕਿਲੇ ਭਾਵ ਰਾਏਬਰੇਲੀ ਨੂੰ ਗੁਆ ਲੈਣ ਦਾ ਡਰ ਰਿਹਾ। ਮਾਰਚ 2022 ਦੀਆਂ ਉੱਤਰ ਪ੍ਰਦੇਸ਼ ਚੋਣਾਂ ਦੌਰਾਨ ਰਾਏਬਰੇਲੀ ਲੋਕ ਸਭਾ ਖੇਤਰ ਦੇ ਤਹਿਤ ਆਉਂਦੀਆਂ ਸਾਰੀਆਂ 5 ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਚੋਣ ਹਾਰ ਗਈ। ਕਾਂਗਰਸ ਦੇ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਹਾਲਾਂਕਿ ਪ੍ਰਿਯੰਕਾ ਗਾਂਧੀ ਵਢੇਰਾ ਨੇ ਅਮੇਠੀ ਅਤੇ ਰਾਏਬਰੇਲੀ ’ਚ ਕਾਫੀ ਚੋਣ ਪ੍ਰਚਾਰ ਕੀਤਾ ਸੀ ਪਰ ਇਸ ਦੇ ਬਾਵਜੂਦ ਪਾਰਟੀ ਦੀ ਇਹ ਹਾਲਤ ਹੋਈ।
ਰਾਹੁਲ ਗਾਂਧੀ ਨੇ ਵੀ ਅਮੇਠੀ ’ਚ ਕਾਫੀ ਜ਼ੋਰ ਲਗਾਇਆ ਸੀ ਪਰ ਕਾਂਗਰਸ ਅਮੇਠੀ ’ਚ ਵੀ ਸਾਰੀਆਂ 5 ਵਿਧਾਨ ਸਭਾ ਸੀਟਾਂ ਤੋਂ ਚੋਣ ਹਾਰ ਗਈ। ਰਾਏਬਰੇਲੀ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਦਹਾਕਿਆਂ ਤੱਕ ਕਾਂਗਰਸ ਦਾ ਦਬਦਬਾ ਰਿਹਾ ਹੈ। 2004 ਤੋਂ ਰਾਏਬਰੇਲੀ ਵਿਧਾਨ ਸਭਾ ਖੇਤਰ ਦੇ ਲੋਕਾਂ ਨੇ ਸੋਨੀਆ ਗਾਂਧੀ, ਫਿਰੋਜ਼ ਗਾਂਧੀ ਤੇ ਇੰਦਰਾ ਗਾਂਧੀ ਨੂੰ ਕਈ ਵਾਰ ਚੋਣ ਜਿਤਾਈ ਪਰ 2019 ’ਚ ਸਭ ਕੁਝ ਬਦਲ ਗਿਆ। ਹੁਣ ਕਾਂਗਰਸ ਲਈ ਲੋਕ ਸਭਾ ਚੋਣਾਂ ’ਚ ਅਸਲੀ ਖਤਰਾ ਉੱਤਰ ਭਾਰਤ ਅਤੇ ਖਾਸ ਤੌਰ ’ਤੇ ਉੱਤਰ ਪ੍ਰਦੇਸ਼ ਤੋਂ ਹੈ।
ਇਥੇ ਇਸ ਗੱਲ ਦਾ ਜ਼ਿਕਰ ਕਰਨਾ ਸਹੀ ਹੋਵੇਗਾ ਕਿ 2019 ’ਚ ਸੋਨੀਆ ਗਾਂਧੀ ਨੇ ਆਪਣੀ ਸੀਟ ਜਿੱਤੀ ਕਿਉਂਕਿ ਇਥੇ ਸਪਾ ਅਤੇ ਬਸਪਾ ਨੇ ਅਸਿੱਧੇ ਤੌਰ ’ਤੇ ਉਨ੍ਹਾਂ ਦੀ ਮਦਦ ਕਰਦੇ ਹੋਏ ਇਥੋਂ ਆਪਣੇ ਉਮੀਦਵਾਰ ਹੀ ਨਹੀਂ ਉਤਾਰੇ ਸਨ। ਇਹ ਕਾਫੀ ਹੈਰਾਨੀਜਨਕ ਹੈ ਕਿ 2022 ’ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ 399 ਸੀਟਾਂ ’ਚੋਂ 387 ’ਤੇ ਆਪਣੀ ਜ਼ਮਾਨਤ ਗੁਆ ਦਿੱਤੀ ਸੀ। ਪਾਰਟੀ ਨੂੰ ਸਿਰਫ 2.4 ਫੀਸਦੀ ਵੋਟਾਂ ਮਿਲੀਆਂ। ਕਾਂਗਰਸ ਨੂੰ ਮੁੜ ਸੁਰਜੀਤ ਕਰਨ ਲਈ ਸੋਨੀਆ ਗਾਂਧੀ ਨੂੰ ਆਤਮ-ਸਮੀਖਿਆ ਕਰਨੀ ਪਵੇਗੀ।