''ਸਕੂਲ ਖੁੱਲ੍ਹਿਆ ਤਾਂ ਗੋਲੀ ਮਾਰ ਦਿਆਂਗੇ'', ਬੱਚੇ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਨੇ ਦਿੱਤੀ ਧਮਕੀ
Thursday, Oct 24, 2024 - 05:27 AM (IST)
ਨੈਸ਼ਨਲ ਡੈਸਕ - ਬਿਹਾਰ ਦੇ ਸਮਸਤੀਪੁਰ ਅੱਪਗਰੇਡ ਮਿਡਲ ਸਕੂਲ ਦੇ ਕਰੀਬ 500 ਬੱਚੇ ਸਕੂਲ ਨਹੀਂ ਜਾ ਰਹੇ ਹਨ। ਸਕੂਲ ਨੂੰ ਕਈ ਦਿਨਾਂ ਤੋਂ ਤਾਲਾ ਲੱਗਿਆ ਹੋਇਆ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਠੱਪ ਹੈ। ਸਕੂਲ ਦੇ ਅਧਿਆਪਕਾਂ ਨੂੰ ਡਰ ਹੈ ਕਿ ਕਿਤੇ ਪਿੰਡ ਵਾਲੇ ਉਨ੍ਹਾਂ ਨੂੰ ਮਾਰ ਨਾ ਦੇਣ। ਸਕੂਲ ਮੁਖੀ ਦਾ ਕਹਿਣਾ ਹੈ ਕਿ ਪੁਲਸ ਸੁਰੱਖਿਆ ਤੋਂ ਬਿਨਾਂ ਸਕੂਲ ਖੋਲ੍ਹਣਾ ਸੰਭਵ ਨਹੀਂ ਹੈ।
ਸਕੂਲ ਦੇ ਅਧਿਆਪਕ ਦਾ ਕਹਿਣਾ ਹੈ ਕਿ, “ ਸਕੂਲ 'ਚ ਲੰਚ ਬਰੇਕ ਦਾ ਸਮਾਂ ਹੋਇਆ ਸੀ। ਇਸ ਦੌਰਾਨ ਦੋ ਬੱਚੇ ਕਿਸੇ ਗੱਲ ਨੂੰ ਲੈ ਕੇ ਲੜ ਪਏ। ਅਸੀਂ ਤੁਰੰਤ ਦਖਲ ਦੇ ਕੇ ਲੜਾਈ ਨੂੰ ਸ਼ਾਂਤ ਕੀਤਾ। ਪਰ ਸਕੂਲ ਖ਼ਤਮ ਹੋਣ ਤੋਂ ਬਾਅਦ ਦੋਵੇਂ ਫਿਰ ਲੜਨ ਲੱਗ ਪਏ। ਇਸ ਵਿੱਚ ਇੱਕ ਵਿਦਿਆਰਥੀ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜ਼ਖਮੀ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਪਰ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।''
ਉੱਥੇ ਹੀ ਸਕੂਲ ਦੇ ਹੈੱਡਮਾਸਟਰ ਮਹੇਸ਼ ਕੁਮਾਰ ਦਾ ਕਹਿਣਾ ਹੈ ਕਿ, “ਮੈਨੂੰ ਪਿੰਡ ਵਾਸੀਆਂ ਵੱਲੋਂ ਧਮਕੀ ਮਿਲੀ ਹੈ ਕਿ ਜੇਕਰ ਸਕੂਲ ਖੋਲ੍ਹਿਆ ਗਿਆ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਸਾਡੇ 'ਤੇ ਦਬਾਅ ਹੈ, ਇਸ ਕਾਰਨ ਸਾਡੇ ਲਈ ਸੁਰੱਖਿਆ ਤੋਂ ਬਿਨਾਂ ਸਕੂਲ ਖੋਲ੍ਹਣਾ ਸੰਭਵ ਨਹੀਂ ਹੈ। ਇਸ ਦੀ ਸੂਚਨਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦੇ ਦਿੱਤੀ ਗਈ ਹੈ।''
ਇਸ ਮਾਮਲੇ 'ਤੇ ਬਲਾਕ ਸਿੱਖਿਆ ਅਧਿਕਾਰੀ ਨੇ ਕਿਹਾ ਕਿ, ਬੱਚੇ ਦੀ ਮੌਤ ਤੋਂ ਬਾਅਦ ਅਧਿਆਪਕਾਂ ਖ਼ਿਲਾਫ਼ ਪਿੰਡ ਵਾਸੀਆਂ ਵਿੱਚ ਵਧੇ ਰੋਹ ਨੂੰ ਦੇਖਦਿਆਂ ਮਾਮਲਾ ਸ਼ਾਂਤ ਹੋਣ ਤੱਕ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਕੂਲ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ।
ਕੀ ਹੈ ਪੂਰਾ ਮਾਮਲਾ?
ਦਰਅਸਲ ਸਕੂਲ 'ਚ ਸੱਤਵੀਂ ਜਮਾਤ ਦੇ ਬੱਚੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। 7 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਸਕੂਲ ਨਹੀਂ ਖੁੱਲ੍ਹਿਆ। ਮਾਮਲਾ ਸਮਸਤੀਪੁਰ ਦੇ ਖਾਨਪੁਰ ਥਾਣਾ ਖੇਤਰ ਦੇ ਅਧੀਨ ਅਪਗ੍ਰੇਡ ਕੀਤੇ ਗਏ ਮਿਡਲ ਸਕੂਲ ਬਿਸ਼ਨਪੁਰ ਦਾ ਹੈ। ਜਿੱਥੇ ਬੀਤੀ 16 ਅਕਤੂਬਰ ਨੂੰ ਉਥੇ ਪੜ੍ਹਦੇ ਵਿਦਿਆਰਥੀ ਅਮਰਨਾਥ ਕੁਮਾਰ ਦੀ ਕੁੱਟਮਾਰ ਕਰ ਹੱਤਿਆ ਕਰ ਦਿੱਤੀ ਗਈ ਸੀ।