ਦਿੱਲੀ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਪਤਾਲ ’ਚੋਂ ਵੀ ਲੱਭ ਲਿਆਵਾਂਗੇ : ਸ਼ਾਹ

Tuesday, Nov 18, 2025 - 12:28 AM (IST)

ਦਿੱਲੀ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਪਤਾਲ ’ਚੋਂ ਵੀ ਲੱਭ ਲਿਆਵਾਂਗੇ : ਸ਼ਾਹ

ਫਰੀਦਾਬਾਦ- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਉੱਤਰੀ ਖੇਤਰੀ ਕੌਂਸਲ ਦੀ 32ਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਦੀ ਸ਼ੁਰੂਆਤ ’ਚ ਦਿੱਲੀ ’ਚ ਹਾਲ ਹੀ ’ਚ ਹੋਏ ਕਾਰ ਬੰਬ ਧਮਾਕੇ ਅਤੇ ਜੰਮੂ-ਕਸ਼ਮੀਰ ਦੇ ਨੌਗਾਮ ਥਾਣੇ ’ਚ ਹੋਏ ਧਮਾਕੇ ’ਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ 2 ਮਿੰਟ ਦਾ ਮੌਨ ਰੱਖਿਆ ਗਿਆ।

ਗ੍ਰਹਿ ਮੰਤਰੀ ਨੇ ਕਿਹਾ ਕਿ ਅੱਤਵਾਦ ਨੂੰ ਜਡ਼੍ਹੋਂ ਖ਼ਤਮ ਕਰਨਾ ਸਾਡੀ ਸਭ ਦੀ ਸਾਂਝੀ ਵਚਨਬੱਧਤਾ ਹੈ। ਅਸੀਂ ਦਿੱਲੀ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਪਤਾਲ ’ਚੋਂ ਵੀ ਲੱਭ ਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿਵਾਵਾਂਗੇ।

ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦ੍ਰਿਸ਼ਟੀਕੋਣ ਹੈ ਕਿ ਮਜ਼ਬੂਤ ਸੂਬੇ ਹੀ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕਰਦੇ ਹਨ। ਇਸ ਨੂੰ ਜ਼ਮੀਨ ’ਤੇ ਉਤਾਰਣ ’ਚ ਖੇਤਰੀ ਕੌਂਸਲਾਂ ਦਾ ਬਹੁਤ ਮਹੱਤਵ ਹੈ। ਗੱਲਬਾਤ, ਸਹਿਯੋਗ, ਸੰਜੋਗ ਅਤੇ ‘ਪਾਲਿਸੀ ਸਿਨਰਜੀ’ ਲਈ ਖੇਤਰੀ ਕੌਂਸਲਾਂ ਬਹੁਤ ਅਹਿਮ ਹਨ। ਇਨ੍ਹਾਂ ਕੌਂਸਲਾਂ ਰਾਹੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਗਿਆ ਹੈ। ਔਰਤਾਂ ਅਤੇ ਬੱਚਿਆਂ ਖਿਲਾਫ ਅਪਰਾਧ ਦੇ ਮਾਮਲਿਆਂ ’ਚ ਛੇਤੀ ਸਜ਼ਾ ਦਿਵਾਉਣ ਦੀ ਲੋੜ ਹੈ ਅਤੇ ਕੁਪੋਸ਼ਣ ਵਰਗੀਆਂ ਸਮੱਸਿਆਵਾਂ ਵੀ ਹਨ, ਜਿਨ੍ਹਾਂ ਤੋਂ ਦੇਸ਼ ਨੂੰ ਮੁਕਤ ਕਰਨ ਦੀ ਲੋੜ ਹੈ।

ਨਵੇਂ ਕਾਨੂੰਨਾਂ ਨਾਲ ਹਾਂ-ਪੱਖੀ ਨਤੀਜੇ ਮਿਲੇ

3 ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਦਾ ਜ਼ਿਕਰ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਨਾਲ ਹਾਂ-ਪੱਖੀ ਨਤੀਜੇ ਮਿਲੇ ਹਨ। ਦੋਸ਼-ਸਿੱਧੀ ਦੀ ਦਰ ’ਚ 25 ਤੋਂ 40 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਦੋਸ਼ੀਆਂ ਨੂੰ ਸਮੇਂ ’ਤੇ ਸਜ਼ਾ ਵੀ ਮਿਲੀ ਹੈ। ਇਨ੍ਹਾਂ ਕਾਨੂੰਨਾਂ ਦੇ ਅਸਰਦਾਈ ਅਮਲ ਲਈ ਸੂਬਾ ਸਰਕਾਰਾਂ ਨੂੰ ਹੋਰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਫਾਰੈਂਸਿਕ ਸਾਇੰਸ ਤੋਂ ਲੈ ਕੇ ਜੇਲਾਂ ਨੂੰ ਆਨਲਾਈਨ ਜੋੜਣ ਤੱਕ ਤਕਨਾਲੋਜੀ ਨੂੰ ਅਪਗ੍ਰੇਡ ਕਰਨ ਦਾ ਅਪੀਲ ਕੀਤੀ।


author

Rakesh

Content Editor

Related News