ਨਾਜਾਇਜ਼ ਸਬੰਧਾਂ ''ਚ ਰੋੜਾ ਬਣੀ ਪਤਨੀ ਨੂੰ ਕੁਰਸੀ ਨਾਲ ਬੰਨ੍ਹ ਕੇ ਜਿਊਂਦਾ ਸਾੜਿਆ
Sunday, May 03, 2020 - 04:52 PM (IST)

ਭਦੋਹੀ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਵਿਚ ਐਤਵਾਰ ਨੂੰ ਦਿਲ ਨੂੰ ਦਹਿਲ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਰਕਾਰੀ ਹਸਪਤਾਲ ਦੇ ਕਰਮਚਾਰੀ ਨੇ ਨਾਜਾਇਜ਼ ਸਬੰਧਾਂ ਵਿਚ ਰੋੜਾ ਬਣਨ 'ਤੇ ਆਪਣੀ ਪਤਨੀ ਨੂੰ ਇਕ ਕੁਰਸੀ ਨਾਲ ਬੰਨ੍ਹ ਕੇ ਜਿਊਂਦਾ ਸਾੜ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਜ਼ਿਲੇ ਦੇ ਸੁਰਯਾਵਾ ਥਾਣਾ ਇਲਾਕੇ ਦੇ ਇੰਦਰਾਨਗਰ ਵਾਸੀ ਸ਼ਮਸ਼ੇਰ ਨੇ ਆਪਣੀ ਪਤਨੀ ਆਮੀਨਾ (56) ਸਾਲ ਨੂੰ ਸਵੇਰੇ ਜ਼ਬਰਦਸਤੀ ਇਕ ਕੁਰਸੀ 'ਤੇ ਬੈਠਾ ਕੇ ਬੰਨ੍ਹ ਦਿੱਤਾ ਅਤੇ ਉਸ ਦੇ ਉੱਪਰ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ। ਉਨ੍ਹਾਂ ਨੇ ਦੱਸਿਆ ਇਕ ਖੁਦ ਨੂੰ ਬਚਾਉਣ ਦੀ ਕੋਸ਼ਿਸ਼ 'ਚ ਆਮੀਨਾ ਨੇ ਸ਼ਮਸ਼ੇਰ ਨੂੰ ਫੜ ਲਿਆ, ਜਿਸ ਨਾਲ ਉਹ ਵੀ ਕਾਫੀ ਝੁਲਸ ਗਿਆ ਹੈ।
ਪੁਲਸ ਨੇ ਦੱਸਿਆ ਕਿ ਉਸ ਸਮੇਂ ਉਕਤ ਜੋੜੀ ਦਾ ਬੇਟਾ ਅਤੇ ਬੇਟੀ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਆਮੀਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸ਼ਮਸ਼ੇਰ ਨੂੰ 60 ਫੀਸਦੀ ਸੜੀ ਹਾਲਤ ਵਿਚ ਵਾਰਾਨਸੀ ਦੇ ਟਰਾਮਾ ਸੈਂਟਰ ਰੈਫਰ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਉੱਥੋਂ ਲੰਘ ਰਹੇ ਕੁਝ ਲੋਕਾਂ ਨੂੰ ਸੜਨ ਦੀ ਬਦਬੂ ਆਉਣ 'ਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਆਮੀਨਾ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਆਮੀਨਾ ਦੇ ਭਰਾ ਅਮੀਨ ਅਹਿਮਦ ਦੀ ਸ਼ਿਕਾਇਤ 'ਤੇ ਸ਼ਮਸ਼ੇਰ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ਮਸ਼ੇਰ ਇੱਥੇ ਇਕ ਸਰਕਾਰੀ ਆਯੁਰਵੈਦਿਕ ਹਸਪਤਾਲ ਵਿਚ ਸੀਨੀਅਰ ਵਾਰਡ ਬੁਆਏ ਦੇ ਅਹੁਦੇ 'ਤੇ ਤਾਇਨਾਤ ਹੈ। ਦੋਸ਼ ਹੈ ਕਿ ਉਸ ਦਾ ਕਿਸੇ ਹੋਰ ਔਰਤ ਨਾਲ ਨਾਜਾਇਜ਼ ਰਿਸ਼ਤਾ ਸੀ ਅਤੇ ਇਸ ਨੂੰ ਲੈ ਕੇ ਉਸ ਦਾ ਆਪਣੀ ਪਤਨੀ ਆਮੀਨਾ ਨਾਲ ਅਕਸਰ ਝਗੜਾ ਹੁੰਦਾ ਸੀ।