ਪਤਨੀ ਦੀ ਹੱਤਿਆ ਕਰ ਕੇ 10 ਫੁੱਟ ਡੂੰਘੇ ਟੋਏ ’ਚ ਦੱਬੀ ਲਾਸ਼
Saturday, Jun 21, 2025 - 05:35 AM (IST)

ਫਰੀਦਾਬਾਦ (ਕੈਲਾਸ਼) - ਫਰੀਦਾਬਾਦ ਦੇ ਪੱਲਾ ਥਾਣੇ ਦੇ ਇਲਾਕੇ ’ਚ ਸ਼ੁੱਕਰਵਾਰ ਸਵੇਰੇ ਰੋਸ਼ਨ ਨਗਰ ਦੀ ਗਲੀ ਨੰਬਰ 1 ਵਿਚ ਪੁਲਸ ਨੇ ਜੇ. ਸੀ. ਬੀ. ਦੀ ਮਦਦ ਨਾਲ ਖੋਦ ਕੇ ਇਕ ਔਰਤ ਦੀ ਲਾਸ਼ ਬ੍ਰਾਮਦ ਕੀਤੀ। ਸਹੁਰਿਆਂ ਨੇ ਨੂੰਹ ਦੀ ਹੱਤਿਆ ਕਰ ਕੇ ਲਗਭਗ 2 ਮਹੀਨੇ ਪਹਿਲਾਂ ਉਸਦੀ ਲਾਸ਼ ਨੂੰ ਗਲੀ ਵਿਚ ਖੱਡਾ ਖੋਦ ਕੇ ਦੱਬ ਦਿੱਤਾ ਸੀ। ਮ੍ਰਿਤਕਾਂ ਦੇ ਪੇਕਿਆਂ ਨੇ ਸ਼ੱਕ ਨੂੰ ਦੂਰ ਕਰਨ ਲਈ ਗਲੀ ਦੀ ਖੋਦਾਈ ਕੀਤੀ ਤਾਂ ਮਾਮਲੇ ਦਾ ਖੁਲਾਸਾ ਹੋ ਗਿਆ।
ਮੂਲ ਰੂਪ ਤੌਰ ’ਤੇ ਪੀਤੇ ਕਾ ਨੰਗਲਾ, ਮੈਨਪੁਰੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਭੂਪ ਸਿੰਘ ਪਰਿਵਾਰ ਸਮੇਤ ਰੋਸ਼ਨ ਨਗਰ ਗਲੀ ਨੰਬਰ 1 ’ਚ ਕਈ ਸਾਲਾਂ ਤੋਂ ਰਹਿ ਰਹੇ ਹਨ ਅਤੇ ਨਵੀਨ ਨਗਰ ’ਚ ਕੱਪੜੇ ਦੀ ਵਰਕਸ਼ਾਪ ਚਲਾਉਂਦੇ ਹਨ। ਪਰਿਵਾਰ ’ਚ ਇਨ੍ਹਾਂ ਦਾ ਇਕ ਲੜਕਾ ਅਰੁਣ ਸਿੰਘ, ਪਤਨੀ ਸੋਨੀਆ ਅਤੇ ਧੀ ਕਾਜਲ ਹਨ। ਅਰੁਣ ਸਿੰਘ ਦਾ ਵਿਆਹ 2 ਸਾਲ ਪਹਿਲਾਂ ਮੁਹੱਲਾ ਖੇੜਾ, ਸ਼ਿਕੋਹਾਬਾਦ, ਫਿਰੋਜ਼ਾਬਾਦ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਕੀਮ ਦੀ ਧੀ ਤਨੂ ਕੁਮਾਰ ਨਾਲ ਹੋਇਆ ਸੀ।
ਹਕੀਮ ਨੇ ਦੱਸਿਆ ਕਿ ਧੀ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਬੜਾ ਤੰਗ ਕੀਤਾ ਜਾਂਦਾ ਸੀ ਅਤੇ ਉਸ ਤੋਂ ਦਾਜ ਦੀ ਮੰਗ ਕੀਤੀ ਜਾਂਦੀ ਸੀ। ਨੇੜੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਅਰੁਣ ਸਿੰਘ ਅਤੇ ਉਸਦੇ ਪਿਤਾ ਨੇ 23 ਅਪ੍ਰੈਲ ਦੀ ਸ਼ਾਮ ਨੂੰ ਜੇ. ਸੀ. ਬੀ. ਦੀ ਮਦਦ ਨਾਲ ਘਰ ਦੇ ਸਾਹਮਏ ਗਲੀ ਵਿਚ 10 ਫੁੱਟ ਡੂੰਘਾ ਖੱਡਾ ਪੁੱਟਵਾਇਆ ਅਤੇ ਦੇਰ ਰਾਤ ਤੰਨੂ ਦੀ ਹੱਤਿਆ ਕਰ ਕੇ ਉਸਦੀ ਲਾਸ਼ ਖੱਡੇ ਵਿਚ ਸੁੱਟਣ ਤੋਂ ਬਾਅਦ ਉਪਰੋਂ ਉਸਨੂੰ ਇੱਟਾਂ ਅਤੇ ਮਿੱਟੀ ਨਾਲ ਭਰ ਦਿੱਤਾ। ਪੁਲਸ ਨੇ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।