ਜਾਣੋ ਆਖਿਰ ਕਿਉਂ ਰੱਦ ਹੋਈ ਨੀਰਵ ਮੋਦੀ ਦੀ ਦੂਜੀ ਵਾਰ ਜ਼ਮਾਨਤ ਪਟੀਸ਼ਨ
Saturday, Mar 30, 2019 - 09:51 AM (IST)

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾ ਦੀ ਧੋਖਾਧੜੀ ਕਰਨ ਵਾਲੇ ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ ਨੇ ਸ਼ੁੱਕਰਵਾਰ ਨੂੰ ਜ਼ਮਾਨਤ ਨਹੀਂ ਦਿੱਤੀ। ਹੁਣ ਇਸ ਮਾਮਲੇ 'ਚ ਅਗਲੀ ਸੁਣਵਾਈ 26 ਅਪ੍ਰੈਲ ਨੂੰ ਹੋਵੇਗੀ।
ਨੀਰਵ ਮੋਦੀ ਦੇ ਫਿਰ ਤੋਂ ਫਰਾਰ ਹੋਣ ਦਾ ਸ਼ੱਕ
ਬ੍ਰਿਟੇਨ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਨੀਰਵ ਮੋਦੀ(48) ਦੀ ਦੂਜੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਇਸ ਗੱਲ ਦੇ ਕਾਫੀ ਸਬੂਤ ਹਨ ਕਿ ਭਗੌੜਾ ਹੀਰਾ ਕਾਰੋਬਾਰੀ ਸਰੰਡਰ ਨਹੀਂ ਕਰੇਗਾ। ਇਸ ਤੋਂ ਪਹਿਲਾਂ 48 ਸਾਲ ਦੇ ਨੀਰਵ ਮੋਦੀ ਦੂਸਰੀ ਵਾਰ ਜ਼ਮਾਨਤ ਪਟੀਸ਼ਨ ਲੈ ਕੇ ਵੈਸਟਮਿੰਸਟਰ ਦੀ ਮੈਜਿਸਟ੍ਰੇਟ ਅਦਾਲਤ ਸਾਹਮਣੇ ਪੇਸ਼ ਹੋਏ। ਨੀਰਵ ਮੋਦੀ ਨੇ ਅਦਾਲਤ ਵਿਚ ਪਹਿਲੀ ਵਾਰ ਪੇਸ਼ੀ ਦੀ ਤਰ੍ਹਾਂ ਇਸ ਵਾਰ ਵੀ ਸਫੈਦ ਕਮੀਜ਼ ਪਾਈ ਹੋਈ ਸੀ। ਬਚਾਅ ਅਤੇ ਇਸਤਗਾਸਾ ਪੱਖ ਦੀਆਂ ਦਲੀਲਾਂ ਸੁਣਨ ਦੇ ਬਾਅਦ ਮੁੱਖ ਮੈਜਿਸਟ੍ਰੇਟ ਐਮਾ ਅਰਬਥਨਾਟ ਨੇ ਕਿਹਾ ਕਿ ਨੀਰਵ ਮੋਦੀ ਵਲੋਂ ਵਾਨੂਆਤੂ ਦੀ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਇਹ ਦੱਸਦੀ ਹੈ ਕਿ ਉਹ ਅਹਿਮ ਸਮੇਂ ਦੇ ਦੌਰਾਨ ਭਾਰਤ ਤੋਂ ਦੂਰ ਜਾਣਾ ਚਾਹੁੰਦਾ ਹੈ।
ਅਦਾਲਤ ਨੇ ਕਿਹਾ,'ਇਸ ਗੱਲ ਦੇ ਕਾਫੀ ਸਬੂਤ ਹਨ ਕਿ ਉਹ ਸਮਰਪਣ ਨਹੀਂ ਕਰੇਗਾ।' ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਖ 26 ਅਪ੍ਰੈਲ ਤੈਅ ਕੀਤੀ ਹੈ।' ਇਸ ਤੋਂ ਪਹਿਲਾਂ ਭਾਰਤੀ ਅਥਾਰਟੀ ਵਲੋਂ ਦਲੀਲ ਪੇਸ਼ ਕਰਦੇ ਹੋਏ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸਿਜ਼(ਸੀਪੀਐਸ) ਨੇ ਕਿਹਾ ਕਿ ਨੀਰਵ ਮੋਦੀ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਉਸ ਦੇ ਭੱਜਣ ਦਾ ਸ਼ੱਕ ਹੈ। ਇਥੋਂ ਤੱਕ ਕਿ ਉਸਨੇ ਆਪਣੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਦੇ ਗਵਾਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਜੱਜ ਨੇ ਕਿਹਾ ਕਿ ਇਸ ਦੀਆਂ ਕਾਫੀ ਸੰਭਾਵਨਾਵਾਂ ਹਨ ਕਿ ਦੋਸ਼ੀ ਭੱਜ ਸਕਦਾ ਹੈ ਅਤੇ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ।
ਨੀਰਵ ਮੋਦੀ ਨੇ ਗਵਾਹਾਂ ਨੂੰ ਜਾਨ ਤੋਂ ਮਾਰਨ ਦੀ ਦਿੱਤੀ ਧਮਕੀ
ਨੀਰਵ ਮੋਦੀ ਘਪਲੇ ਨਾਲ ਜੁੜੀ ਰਾਸ਼ੀ 1 ਤੋਂ 2 ਅਰਬ ਡਾਲਰ ਹੈ। ਨੀਰਵ ਮੋਦੀ ਵਲੋਂ ਸਬੂਤਾਂ ਨਾਲ ਛੇੜਛਾੜ ਦਾ ਉਦਾਹਰਣ ਦਿੰਦੇ ਹੋਏ ਸੀਪੀਐਸ ਬੈਰਿਸਟਰ ਨੇ ਦੱਸਿਆ ਕਿ ਇਕ ਗਵਾਹ ਅਸ਼ੀਸ਼ ਲਾਡ ਨੂੰ ਇਸ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਝੂਠੀ ਗਵਾਹੀ ਦੇਣ ਲਈ 20 ਲੱਖ ਰੁਪਏ ਦੀ ਪੇਸ਼ਕਸ਼ ਕੀਤੀ। ਅਦਾਲਤ ਨੇ ਦੱਸਿਆ ਕਿ ਨੀਰਵ ਮੋਦੀ ਨੇ ਅਜਿਹੇ ਦੇਸ਼ਾਂ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕੀਤੀ ਜਿਥੇ ਭਾਰਤ ਜੇਕਰ ਉਸਦੀ ਸਪੁਰਦਗੀ ਲਈ ਬੇਨਤੀ ਕਰਦਾ ਹੈ ਤਾਂ ਉਸ ਨੂੰ ਸਵੀਕਾਰ ਕੀਤੇ ਜਾਣ ਦੀਆਂ ਸੰਭਾਵਨਾਵਾਂ ਬਹੁਤ ਹੀ ਘੱਟ ਹਨ। ਇਨ੍ਹਾਂ ਵਿਚ ਵਾਨੂਆਤੂ ਸ਼ਾਮਲ ਹੈ। ਨੀਰਵ ਮੋਦੀ ਨੇ 2017 ਦੇ ਅੰਤ 'ਤ ਦੋ ਲੱਖ ਡਾਲਰ ਦੇ ਨਿਵੇਸ਼ ਨਾਲ ਵਾਨੂਵਾਤੂ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕੀਤੀ ਪਰ ਭਾਰਤ ਵਿਚ ਚਲ ਰਹੇ ਮਾਮਲੇ ਕਾਰਨ ਉਸਦੀ ਬੇਨਤੀ ਰੱਦ ਕਰ ਦਿੱਤੀ ਗਈ।
ਇਸ ਦੌਰਾਨ ਲੰਡਨ ਦਾ ਜੇਲ ਵਿਚ ਹੀ ਰਹਿਣਾ ਹੋਵੇਗਾ। ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਲੰਡਨ ਦੀ ਵੈਸਟਮਿੰਸਟਰ ਕੋਰਟ ਨੇ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਨੀਰਵ ਮੋਦੀ ਨੂੰ ਲੰਡਨ ਦੇ ਹੋਲਬੋਰਨ ਇਲਾਕੇ ਤੋਂ 19 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸਨੂੰ ਲੰਡਨ ਦੇ ਵੈਸਟਮਿੰਸਟਰ ਕੋਰਟ ਵਿਚ ਪੇਸ਼ ਕੀਤਾ ਗਿਆ। ਉਸ ਸਮੇਂ ਅਦਾਲਤ ਨੇ ਨੀਰਵ ਮੋਦੀ ਨੂੰ 29 ਮਾਰਚ ਤੱਕ ਹਿਰਾਸਤ ਵਿਚ ਭੇਜ ਦਿੱਤਾ ਸੀ।
ਬੀਬੀਸੀ ਦੀ ਰਿਪੋਰਟ ਮੁਤਾਬਕ ਨੀਰਵ ਮੋਦੀ ਨੇ ਸ਼ੁੱਕਰਵਾਰ ਨੂੰ ਜ਼ਮਾਨਤ ਦੀ ਅਪੀਲ ਕੀਤੀ ਸੀ ਪਰ ਅਦਾਲਤ ਨੇ ਉਸਦੀ ਅਪੀਲ ਰੱਦ ਕਰਦੇ ਹੋਏ ਉਸਨੂੰ ਦੁਬਾਰਾ ਹਿਰਾਸਤ ਵਿਚ ਭੇਜਣ ਦਾ ਆਦੇਸ਼ ਦਿੱਤਾ ਹੈ।