ਗੌਤਮ ਅਡਾਣੀ ਨੇ ਕਾਂਗਰਸ ਤੇ ਮਿਨਰਲਜ਼ ਦੀ ਸ਼ਲਾਘਾ ਕਿਉਂ ਕੀਤੀ!
Sunday, Dec 21, 2025 - 12:14 AM (IST)
ਨੈਸ਼ਨਲ ਡੈਸਕ- ਪ੍ਰਸਿੱਧ ਉਦਯੋਗਪਤੀ ਗੌਤਮ ਅਡਾਣੀ ਦਾ ਝਾਰਖੰਡ ਨਾਲ ਸਬੰਧ ਵਧਦਾ ਜਾਪਦਾ ਹੈ। ਕੁਝ ਦਿਨ ਪਹਿਲਾਂ ਉਹ ਆਈ. ਆਈ. ਟੀ. (ਆਈ. ਐੱਸ. ਐੱਮ.), ਧਨਬਾਦ ’ਚ ਇਕ ਸਮਾਰੋਹ ’ਚ ਸ਼ਾਮਲ ਹੋਏ। ਇਸ ਨੂੰ ਪਹਿਲਾਂ ਇੰਡੀਅਨ ਸਕੂਲ ਆਫ਼ ਮਾਈਨਜ਼ ਵਜੋਂ ਜਾਣਿਆ ਜਾਂਦਾ ਸੀ।
ਇਸ ਸੰਸਥਾ ਨੂੰ ਲੰਬੇ ਸਮੇਂ ਤੋਂ ਵਿਗਿਆਨ ਤੇ ਮਾਈਨਿੰਗ ਦੀ ਸਿੱਖਿਆ ਲਈ ਭਾਰਤ ਦਾ ਪ੍ਰਮੁੱਖ ਕੇਂਦਰ ਮੰਨਿਆ ਜਾਂਦਾ ਰਿਹਾ ਹੈ। ਆਜ਼ਾਦੀ ਤੋਂ ਬਾਅਦ 1950 ’ਚ ਉਸ ਵੇਲੇ ਦੇ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੈਂਪਸ ਦਾ ਦੌਰਾ ਕੀਤਾ ਸੀ। 1953 ’ਚ ਰਾਜੇਂਦਰ ਪ੍ਰਸਾਦ ਦੁਬਾਰਾ ਆਏ। ਕੁਝ ਸਮਾ ਪਹਿਲਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇਸ ਦੇ ਕਨਵੋਕੇਸ਼ਨ ਸਮਾਰੋਹ ’ਚ ਹਿੱਸਾ ਲਿਆ ਸੀ।
ਅਡਾਣੀ ਨੇ ਕਈ ਵੱਡੀਆਂ ਪਹਿਲਕਦਮੀਆਂ ਵੱਲ ਇਸ਼ਾਰਾ ਕੀਤਾ ਜਿਵੇਂ ਕਿ ਆਈ. ਐੱਸ. ਐੱਮ. ਦੇ ਵਿਦਿਆਰਥੀਆਂ ਲਈ ਅਦਾਇਗੀ ਇੰਟਰਨਸ਼ਿਪ ਤੇ ‘3 ਐੱਸ. ਮਾਈਨਿੰਗ ਐਕਸੀਲੈਂਸ ਸੈਂਟਰ’ ਦੀ ਸਿਰਜਣਾ ਪਰ ਉਨ੍ਹਾਂ ਦੇ ਭਾਸ਼ਣ ਦੀ ਸਿਅਾਸੀ ਤੇ ਆਰਥਿਕ ਸੁਰ ਨੇ ਕਈਆਂ ਦਾ ਧਿਆਨ ਖਿੱਚਿਆ।
ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ’ਤੇ ਕਾਰਬਨ ਦੀ ਨਿਕਾਸੀ ਨੂੰ ਤੇਜ਼ੀ ਨਾਲ ਘਟਾਉਣ ਲਈ ਪੱਛਮੀ ਦਬਾਅ ’ਤੇ ਖੁੱਲ੍ਹ ਕੇ ਸਵਾਲ ਉਠਾਇਆ ਤੇ ਕਿਹਾ ਕਿ ਅਜਿਹੇ ਨੁਸਖੇ ਵਿਕਾਸ ਦੀ ਅਸਲੀਅਤ ਨੂੰ ਨਜ਼ਰਅੰਦਾਜ਼ ਕਰਦੇ ਹਨ। ਉਨ੍ਹਾਂ ਆਜ਼ਾਦੀ ਦੇ ਸਮੇਂ ਕਾਂਗਰਸ ਦੀ ਲੀਡਰਸ਼ਿਪ ਦੀ ਦੂਰਅੰਦੇਸ਼ੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਆਈ. ਐੱਸ. ਐੱਮ. ਵਰਗੇ ਅਦਾਰੇ ਉਸ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਦੇ ਉਤਪਾਦ ਹਨ।
ਅਡਾਣੀ ਨੇ ਮਾਈਨਿੰਗ ਦੀ ਇਹ ਕਹਿੰਦੇ ਹੋਏ ਜ਼ੋਰਦਾਰ ਵਕਾਲਤ ਕੀਤੀ ਕਿ ਇਕ ਨਵੀਂ ਆਰਥਿਕਤਾ ਜੋ ਉਦਯੋਗ ਅਤੇ ਬੁਨਿਆਦੀ ਢਾਂਚੇ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ, ਮਿਨਰਲਜ਼ ਤੋਂ ਬਿਨਾਂ ਨਹੀਂ ਬਣਾਈ ਜਾ ਸਕਦੀ ਜਾਂ ਕਾਇਮ ਨਹੀਂ ਰੱਖੀ ਜਾ ਸਕਦੀ। ਸਪੱਸ਼ਟ ਤੌਰ ’ਤੇ ਉਨ੍ਹਾਂ ਦਾ ਧਿਆਨ ਝਾਰਖੰਡ ਦੀ ਵਿਸ਼ਾਲ ਖਣਿਜ ਸੰਪਤੀ ਤੇ ਇਸ ਦੀ ਭਵਿੱਖ ਦੀ ਵਰਤੋਂ ’ਤੇ ਹੈ।
ਅਡਾਣੀ ਕੁਝ ਸਮਾਂ ਪਹਿਲਾਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਮਿਲੇ ਸਨ। ਉਦੋਂ ਤੋਂ ਸਿਆਸੀ ਹਲਕਿਆਂ ’ਚ ਹਲਚਲ ਹੈ। ਸੋਰੇਨ ਆਉਂਦੀ 15 ਜਨਵਰੀ ਨੂੰ ਦਾਵੋਸ ’ਚ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ’ਚ ਸ਼ਾਮਲ ਹੋਣ ਵਾਲੇ ਝਾਰਖੰਡ ਦੇ ਪਹਿਲੇ ਮੁੱਖ ਮੰਤਰੀ ਹੋਣਗੇ। ਦੁਨੀਆ ਨੂੰ ਉਨ੍ਹਾਂ ਦਾ ਸੰਦੇਸ਼ ਸਪੱਸ਼ਟ ਹੈ। ਇਕੱਲੇ ਝਾਰਖੰਡ ਕੋਲ ਭਾਰਤ ਦੀ ਖਣਿਜ ਸੰਪਤੀ ਦਾ ਲਗਭਗ 40 ਫੀਸਦੀ ਹਿੱਸਾ ਹੈ।
