ਕੋਰੋਨਾ ਨੂੰ ਲੈ ਕੇ WHO ਦੀ ਚਿਤਾਵਨੀ, ਕਿਹਾ- ਹਾਲੇ ਵੀ ਖ਼ਤਰਾ ਬਰਕਰਾਰ

01/29/2022 4:26:13 PM

ਨਵੀਂ ਦਿੱਲੀ (ਭਾਸ਼ਾ)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀ ਸੀਨੀਅਰ ਅਧਿਕਾਰੀ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਭਾਰਤ ਦੇ ਕੁਝ ਸ਼ਹਿਰਾਂ ਅਤੇ ਸੂਬਿਆਂ 'ਚ ਭਾਵੇਂ ਹੀ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ਦੇ ਇਕ ਪੱਧਰ 'ਤੇ ਪਹੁੰਚਣ ਤੋਂ ਬਾਅਦ ਤਬਦੀਲੀ ਨਾ ਹੋ ਰਹੀ ਹੋਵੇ ਪਰ ਖ਼ਤਰਾ ਹਾਲੇ ਵੀ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਸਾਡਾ ਧਿਆਨ ਸੰਕਰਮਣ ਫ਼ੈਲਣ ਤੋਂ ਰੋਕਣ ਅਤੇ ਸਥਿਤੀ ਅਨੁਸਾਰ ਕਦਮ ਚੁੱਕਣ 'ਤੇ ਹੋਣਾ ਚਾਹੀਦਾ। ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਦੇਸ਼ 'ਚ ਕੁਝ ਥਾਂਵਾਂ 'ਤੇ ਕੋਰੋਨਾ ਸੰਕਰਮਣ ਦੇ ਮਾਮਲੇ ਘੱਟ ਹੋਣ ਜਾਂ ਉਨ੍ਹਾਂ 'ਚ ਕੋਈ ਤਬਦੀਲੀ ਨਹੀਂ ਹੋਣ ਦੇ ਸੰਕੇਤ ਮਿਲੇ ਹਨ ਪਰ ਇਸ ਰੁਝਾਨ 'ਤੇ ਗੌਰ ਕਰਨ ਦੀ ਜ਼ਰੂਰਤ ਹੈ। ਭਾਰਤ 'ਚ ਕੋਰੋਨਾ ਵਾਇਰਸ ਸੰਕਰਮਣ ਮਾਮਲਿਆਂ 'ਚ ਤਬਦੀਲੀ ਨਹੀਂ ਹੋਣ ਦੇ ਸਵਾਲ 'ਤੇ ਪੂਨਮ ਨੇ ਕਿਹਾ ਕਿ ਕੋਰੋਨਾ ਦਾ ਖ਼ਤਰਾ ਬਰਕਰਾਰ ਹੈ ਅਤੇ ਮੌਜੂਦਾ ਸਮੇਂ ਸੰਕਰਮਣ ਫ਼ੈਲਣ ਦੀ ਦਰ ਦੇ ਉਲਟ ਕੋਈ ਵੀ ਦੇਸ਼ 'ਜ਼ੋਖਮ ਤੋਂ ਬਾਹਰ ਨਹੀਂ ਹੈ।''

ਇਹ ਵੀ ਪੜ੍ਹੋ : ਸਾਵਧਾਨ! ਚਮੜੀ 'ਤੇ 21 ਅਤੇ ਪਲਾਸਟਿਕ 'ਤੇ 8 ਘੰਟੇ ਜਿਊਂਦਾ ਰਹਿੰਦੈ ਓਮੀਕ੍ਰੋਨ

ਪੂਨਮ ਨੇ ਕਿਹਾ,''ਇਸ ਲਈ ਭਾਵੇਂ ਹੀ ਕੁਝ ਸ਼ਹਿਰਾਂ ਜਾਂ ਸੂਬਿਆਂ 'ਚ ਸੰਕਰਮਣ ਦੇ ਮਾਮਲੇ ਸਥਿਰ ਹੋਣ ਪਰ ਸੰਕਟ ਬਰਕਰਾਰ ਹੈ। ਸਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਸਾਡਾ ਧਿਆਨ ਸੰਕਰਮਣ ਫ਼ੈਲਣ ਤੋਂ ਰੋਕਣ, ਜਨਤਕ ਸਿਹਤ ਦੀ ਸਥਿਤੀ ਅਨੁਸਾਰ ਕਦਮ ਚੁਕਣ ਅਤੇ ਟੀਕਾਕਰਨ ਦਾ ਦਾਇਰਾ ਵਧਾਉਣ 'ਤੇ ਹੋਣਾ ਚਾਹੀਦਾ। ਇਸ ਮਹਾਮਾਰੀ ਨਾਲ ਸਾਰੇ ਦੇਸ਼ਾਂ ਨੂੰ ਇਹੀ ਕਰਨ ਦੀ ਜ਼ਰੂਰਤ ਹੈ।'' ਇਹ ਪੁੱਛੇ ਜਾਣ 'ਤੇ ਕੀ ਗਲੋਬਰ ਮਹਾਮਾਰੀ ਹੁਣ ਸਥਾਨਕ ਮਹਾਮਾਰੀ (ਐਂਡੇਮਿਕ) ਦੇ ਪੜਾਅ 'ਚ ਪਹੁੰਚ ਗਈ ਹੈ, ਪੂਨਮ ਨੇ ਕਿਹਾ,''ਮੌਜੂਦਾ ਸਮੇਂ ਅਸੀਂ ਹੁਣ ਵੀ ਗਲੋਬਲ ਮਹਾਮਾਰੀ ਦਰਮਿਆਨ ਹਾਂ ਅਤੇ ਸਾਡਾ ਧਿਆਨ ਸੰਕਰਮਣ ਫ਼ੈਲਣ ਤੋਂ ਰੋਕਣ ਅਤੇ ਜੀਵਨ ਬਚਾਉਣ 'ਤੇ ਹੋਣਾ ਚਾਹੀਦਾ।'' 

ਇਹ ਵੀ ਪੜ੍ਹੋ : ਨੱਕ ਰਾਹੀਂ ਲੈਣ ਵਾਲੀ ਕੋਰੋਨਾ ਦਵਾਈ ਦਾ ਹੋਵੇਗਾ ਪ੍ਰੀਖਣ, ਭਾਰਤ ਬਾਇਟੇਕ ਨੂੰ ਮਿਲੀ ਮਨਜ਼ੂਰੀ

ਉਨ੍ਹਾਂ ਕਿਹਾ,''ਸਥਾਨਕ ਮਹਾਮਾਰੀ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਵਾਇਰਸ ਚਿੰਤਾ ਦਾ ਕਾਰਨ ਨਹੀਂ ਹੈ।'' ਕੋਰੋਨਾ ਵਾਇਰਸ ਦੇ ਡੈਲਟਾ ਰੂਪ ਨਾਲ ਤੁਲਨਾ ਕਰਦੇ ਹੋਏ ਪੂਨਮ ਨੇ ਕਿਹਾ ਕਿ ਓਮੀਕ੍ਰੋਨ ਫੇਫੜਿਆਂ ਦੀ ਬਜਾਏ ਸਾਹ ਨਲੀ ਦੇ ਉੱਪਰੀ ਹਿੱਸੇ ਨੂੰ ਤੇਜ਼ੀ ਨਾਲ ਸੰਕ੍ਰਮਿਤ ਕਰਦਾ ਹੈ, ਇਸ ਲਈ ਵੀ ਵਾਇਰਸ ਦਾ ਇਹ ਰੂਪ ਤੇਜ਼ੀ ਨਾਲ ਫ਼ੈਲ ਰਿਹਾ ਹੈ। ਉਨ੍ਹਾਂ ਕਿਹਾ,''ਓਮੀਕ੍ਰੋਨ ਨਾਲ ਪੀੜਤ ਦੀ ਤੁਲਨਾ ਵਾਇਰਸ ਦੇ ਹੋਰ ਰੂਪਾਂ ਨਾਲ ਕਰੀਏ ਤਾਂ ਅਜਿਹਾ ਲੱਗਦਾ ਹੈ ਕਿ ਗੰਭੀਰ ਬੀਮਾਰੀ ਅਤੇ ਮੌਤ ਦਾ ਖ਼ਤਰਾ ਘੱਟ ਹੈ ਪਰ ਸੰਕਰਮਣ ਦੇ ਮਾਮਲਿਆਂ ਦੀ ਜ਼ਿਆਦਾ ਗਿਣਤੀ ਕਾਰਨ ਕਈ ਦੇਸ਼ਾਂ 'ਚ ਵੱਡੀ ਗਿਣਤੀ 'ਚ ਰੋਗੀ ਹਸਪਤਾਲ ਪਹੁੰਚ ਰਹੇ ਹਨ, ਜਿਸ ਨਾਲ ਸਿਹਤ ਸੇਵਾ 'ਤੇ ਪ੍ਰਤੀਕੂਲ ਅਸਰ ਪੈ ਰਿਹਾ ਹੈ।'' ਪੂਨਮ ਨੇ ਕਿਹਾ ਕਿ ਸਾਰੇ ਦੇਸ਼ਾਂ 'ਚ ਟੀਕਾਕਰਨ ਦਾ ਦਾਇਰਾ ਵਧਾਉਣ ਅਤੇ ਇਸ 'ਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News