ਜਦੋਂ ਸੁਨੇਤਰਾ ਨੇ ਸ਼ਰਦ ਦੀਆਂ ਯੋਜਨਾਵਾਂ ’ਤੇ ਪਾਣੀ ਫੇਰਿਆ ਅਤੇ ਫੜਨਵੀਸ ਨੇ ਦਿਖਾਈ ਸਿਆਸੀ ਸੂਝਬੂਝ
Wednesday, Feb 04, 2026 - 11:37 PM (IST)
ਨੈਸ਼ਨਲ ਡੈਸਕ- ਦੇਵੇਂਦਰ ਫੜਨਵੀਸ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਭਾਜਪਾ ਦੇ ਸਭ ਤੋਂ ਤੇਜ਼ ਸਿਆਸੀ ਰਣਨੀਤੀਕਾਰਾਂ ’ਚੋਂ ਇਕ ਕਿਉਂ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਸੰਕਟ ਦੀ ਘੜੀ ’ਚ ਵੀ ਤੇਜ਼ੀ, ਦੂਰਅੰਦੇਸ਼ੀ ਅਤੇ ਸਟੀਕਤਾ ਨਾਲ ਕੰਮ ਲਿਆ। ਅਜੀਤ ਪਵਾਰ ਦੇ ਸੋਗ ਗ੍ਰਸਤ ਪਰਿਵਾਰ ਨਾਲ ਰਸਮੀ ਤੌਰ ’ਤੇ ਸੰਪਰਕ ਕਰਨ ਤੋਂ ਬਹੁਤ ਪਹਿਲਾਂ ਹੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਅਤੇ ਅਜੀਤ ਪਵਾਰ ਦੇ ਅਚਾਨਕ ਦਿਹਾਂਤ ਨਾਲ ਪੈਦਾ ਹੋਏ ਜੋਖਮਾਂ ਅਤੇ ਮੌਕਿਆਂ, ਦੋਵਾਂ ਨੂੰ ਸਪੱਸ਼ਟ ਕੀਤਾ।
ਫੜਨਵੀਸ ਨੇ ਹਾਈਕਮਾਨ ਨੂੰ ਦੱਸਿਆ ਕਿ ਸੁਨੇਤਰਾ ਪਵਾਰ ਨੂੰ ਸਰਕਾਰ ’ਚ ਸ਼ਾਮਲ ਕਰਨ ’ਚ ਕਿਸੇ ਵੀ ਤਰ੍ਹਾਂ ਦੀ ਦੇਰੀ ਸ਼ਰਦ ਪਵਾਰ ਲਈ ਸਿਆਸੀ ਦਾਅ-ਪੇਚਾਂ ਦਾ ਰਸਤਾ ਖੋਲ੍ਹ ਸਕਦੀ ਸੀ, ਜੋ 2023 ’ਚ ਵੰਡੀ ਗਈ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਦੋ ਗੁੱਟਾਂ ਦੇ ਰਲੇਵਾਂ ਨੂੰ ਅੱਗੇ ਵਧਾਉਣ ਦੇ ਚਾਹਵਾਨ ਸਨ। ਜੇਕਰ ਅਜੀਤ ਪਵਾਰ ਦੇ ਉੱਤਰਾਧਿਕਾਰੀ ਦੇ ਸਿਆਸੀ ਤੌਰ ’ਤੇ ਤੈਅ ਹੋਣ ਤੋਂ ਪਹਿਲਾਂ ਅਜਿਹਾ ਰਲੇਵਾਂ ਹੋ ਜਾਂਦਾ, ਤਾਂ ਮਹਾਯੁਤੀ ਦੇ ਅੰਦਰ ਸਮੀਕਰਨ ਬਦਲ ਸਕਦੇ ਸਨ ਅਤੇ ਭਾਜਪਾ ਦਾ ਪ੍ਰਭਾਵ ਘੱਟ ਹੋ ਸਕਦਾ ਸੀ। ਸੂਤਰਾਂ ਦੇ ਅਨੁਸਾਰ, ਫੜਨਵੀਸ ਉੱਤਰਾਧਿਕਾਰ ਦਾ ਮੁੱਦਾ ਪਹਿਲਾਂ ਸੁਲਝਾਉਣਾ ਚਾਹੁੰਦੇ ਸਨ। ਅਜੀਤ ਪਵਾਰ ਦੇ ਗੁੱਟ ਦੀ ਲੀਡਰਸ਼ਿਪ ਨੂੰ ਕਿਸੇ ਵੀ ਵਿਆਪਕ ਪੁਨਰਗਠਨ ਤੋਂ ਪਹਿਲਾਂ ਇਕ ਸਪੱਸ਼ਟ ਅਤੇ ਮਜ਼ਬੂਤ ਚਿਹਰੇ ਦੀ ਲੋੜ ਸੀ।
ਹਰੀ ਝੰਡੀ ਮਿਲਣ ਤੋਂ ਬਾਅਦ, ਫੜਨਵੀਸ ਨੇ ਅਜੀਤ ਪਵਾਰ ਦੇ ਪਰਿਵਾਰ ਨੂੰ ਸੰਦੇਸ਼ ਭੇਜਿਆ। ਜਿਸ ਤੇਜ਼ੀ ਨਾਲ ਸੁਨੇਤਰਾ ਪਵਾਰ ਨੇ ਜਵਾਬ ਦਿੱਤਾ, ਉਸ ਨਾਲ ਭਰਮ ਦੀ ਕੋਈ ਗੁੰਜਾਇਸ਼ ਨਹੀਂ ਬਚੀ। ਸ਼ਰਦ ਪਵਾਰ ਨਾਲ ਸਲਾਹ ਕੀਤੇ ਬਿਨਾਂ ਉਪ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕ ਕੇ, ਉਨ੍ਹਾਂ ਨੇ ਸਿਆਸੀ ਖਾਲੀਪਣ ’ਚ ਮਜ਼ਬੂਤੀ ਨਾਲ ਕਦਮ ਰੱਖਿਆ। ਅਜਿਹਾ ਕਰ ਕੇ, ਉਨ੍ਹਾਂ ਨੇ ਨਾ ਸਿਰਫ਼ ਆਪਣੇ ਸਵਰਗੀ ਪਤੀ ਦੀ ਸਿਆਸੀ ਵਿਰਾਸਤ ਨੂੰ ਸੁਰੱਖਿਅਤ ਕੀਤਾ, ਸਗੋਂ ਸ਼ਰਦ ਪਵਾਰ ਦੀ ਪਾਰਟੀ ’ਤੇ ਕਬਜ਼ਾ ਕਰਨ ਦੀ ਯੋਜਨਾ ’ਤੇ ਵੀ ਪਾਣੀ ਫੇਰ ਦਿੱਤਾ। ਇਸ ਤੋਂ ਸ਼ਰਦ ਪਵਾਰ ਇੰਨੇ ਨਾਰਾਜ਼ ਸਨ ਕਿ ਉਨ੍ਹਾਂ ਨੇ ਸੁਨੇਤਰਾ ਨੂੰ ਉਪ ਮੁੱਖ ਮੰਤਰੀ ਬਣਨ ’ਤੇ ਵਧਾਈ ਤੱਕ ਨਹੀਂ ਦਿੱਤੀ। ਉਨ੍ਹਾਂ ਨੂੰ ਵਧਾਈ ਦੇਣ ’ਚ ਲੱਗਭਗ ਇਕ ਹਫ਼ਤਾ ਲੱਗ ਗਿਆ। ਕੁੱਲ ਮਿਲਾ ਕੇ, ਇਸ ਘਟਨਾ ਨੇ ਮਹਾਰਾਸ਼ਟਰ ਦੀ ਰਾਜਨੀਤੀ ਦੀ ਇਕ ਜ਼ਰੂਰੀ ਸੱਚਾਈ ਨੂੰ ਸਾਹਮਣੇ ਲਿਆਂਦਾ: ਟਾਈਮਿੰਗ ਹੀ ਪਾਵਰ ਹੈ।
