ਕੀ ਹੈ ਦਿੱਲੀ ਦਾ ਸ਼ਰਾਬ ਘੁਟਾਲਾ? ਜਿਸ ਨੇ ਸੀ. ਐੱਮ. ਕੇਜਰੀਵਾਲ ਸਮੇਤ ਵੱਡੇ ਮੰਤਰੀਆਂ ਨੂੰ ਭੇਜਿਆ ਜੇਲ

Friday, Mar 22, 2024 - 06:13 AM (IST)

ਪੰਜਾਬ ਡੈਸਕ– ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਫੁਲ ਐਕਸ਼ਨ ਮੋਡ ’ਚ ਹੈ। ਦਿੱਲੀ ਸ਼ਰਾਬ ਘੁਟਾਲੇ ’ਚ ਈ. ਡੀ. ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਈ. ਡੀ. ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਈ. ਡੀ. ਦੀ ਟੀਮ ਨੇ ਸੀ. ਐੱਮ. ਕੇਜਰੀਵਾਲ ਤੋਂ ਪੁੱਛਗਿੱਛ ਕੀਤੀ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਖ਼ਦਸ਼ਾ ਪ੍ਰਗਟਾਇਆ ਸੀ।

ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਨਾ ਦੇਣ ਦਾ ਫ਼ੈਸਲਾ ਸੁਣਾਇਆ ਸੀ। ਪਿਛਲੇ ਹਫ਼ਤੇ ਹੀ ਈ. ਡੀ. ਨੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਸੀ. ਆਰ. ਦੀ ਧੀ ਕੇ. ਕਵਿਤਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਇਸ ਮਾਮਲੇ ’ਚ ਪਹਿਲਾਂ ਹੀ ਜੇਲ ’ਚ ਬੰਦ ਹਨ।

ED ਕੇਜਰੀਵਾਲ ਦੇ ਘਰ ਕਿਉਂ ਪਹੁੰਚੀ?
ਦਿੱਲੀ ਦੀ ਆਬਕਾਰੀ ਨੀਤੀ 2021-22 ’ਚ ਹੋਏ ਕਥਿਤ ਘੁਟਾਲੇ ’ਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਈ. ਡੀ. ਨੇ ਹੁਣ ਤੱਕ ਮੁੱਖ ਮੰਤਰੀ ਕੇਜਰੀਵਾਲ ਨੂੰ 9 ਸੰਮਨ ਜਾਰੀ ਕੀਤੇ ਹਨ। ਵੀਰਵਾਰ ਨੂੰ ਈ. ਡੀ. ਦੀ ਟੀਮ 10ਵੇਂ ਸੰਮਨ ਲੈ ਕੇ ਉਨ੍ਹਾਂ ਦੇ ਘਰ ਪਹੁੰਚੀ।

ਇੰਨੇ ਸੰਮਨ ਜਾਰੀ ਕਰਨ ਤੋਂ ਬਾਅਦ ਵੀ ਕੇਜਰੀਵਾਲ ਈ. ਡੀ. ਸਾਹਮਣੇ ਪੇਸ਼ ਨਹੀਂ ਹੋਏ। ਇਸ ਦੌਰਾਨ ਕੇਜਰੀਵਾਲ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਦਿੱਲੀ ਹਾਈ ਕੋਰਟ ’ਚ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ।

ਕੇਜਰੀਵਾਲ ਇਸ ’ਚ ਕਿਵੇਂ ਫਸੇ?
ਈ. ਡੀ. ਨੇ ਪਿਛਲੇ ਸਾਲ 2 ਨਵੰਬਰ ਨੂੰ ਮੁੱਖ ਮੰਤਰੀ ਕੇਜਰੀਵਾਲ ਨੂੰ ਪਹਿਲਾ ਸੰਮਨ ਭੇਜਿਆ ਸੀ। ਇਹ ਸੰਮਨ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਜਾਰੀ ਕੀਤਾ ਗਿਆ ਸੀ।

ਈ. ਡੀ. ਦੀ ਚਾਰਜਸ਼ੀਟ ’ਚ ਸੀ. ਐੱਮ. ਕੇਜਰੀਵਾਲ ਦਾ ਨਾਮ ਕਈ ਵਾਰ ਆਇਆ ਹੈ। ਦੋਸ਼ ਹੈ ਕਿ ਜਦੋਂ ਆਬਕਾਰੀ ਨੀਤੀ 2021-22 ਤਿਆਰ ਕੀਤੀ ਜਾ ਰਹੀ ਸੀ ਤਾਂ ਕਈ ਮੁਲਜ਼ਮ ਕੇਜਰੀਵਾਲ ਦੇ ਸੰਪਰਕ ’ਚ ਸਨ।

ਈ. ਡੀ. ਨੇ ਚਾਰਜਸ਼ੀਟ ’ਚ ਦਾਅਵਾ ਕੀਤਾ ਹੈ ਕਿ ਏਜੰਸੀ ਨੇ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਨੇਤਾ ਕੇ. ਕਵਿਤਾ ਦੇ ਲੇਖਾਕਾਰ ਬੁਚੀਬਾਬੂ ਦਾ ਬਿਆਨ ਦਰਜ ਕੀਤਾ, ਜਿਸ ’ਚ ਉਸ ਨੇ ਦੱਸਿਆ ਕਿ ਕੇ. ਕਵਿਤਾ, ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵਿਚਕਾਰ ਸਿਆਸੀ ਸਮਝਦਾਰੀ ਸੀ। ਇਸ ਦੌਰਾਨ ਕਵਿਤਾ ਮਾਰਚ 2021 ’ਚ ਵਿਜੇ ਨਾਇਰ ਨੂੰ ਵੀ ਮਿਲੀ ਸੀ।

ਇਹ ਖ਼ਬਰ ਵੀ ਪੜ੍ਹੋ : ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ‘INDIA’ ਗਠਜੋੜ ਦੀਆਂ ਪਾਰਟੀਆਂ ’ਚ ਗੁੱਸਾ ਤੇ ਤਿੱਖੀ ਪ੍ਰਤੀਕਿਰਿਆ

ਇਸ ਮਾਮਲੇ ਦੇ ਇਕ ਹੋਰ ਦੋਸ਼ੀ ਦਿਨੇਸ਼ ਅਰੋੜਾ ਨੇ ਵੀ ਈ. ਡੀ. ਨੂੰ ਦੱਸਿਆ ਹੈ ਕਿ ਉਹ ਕੇਜਰੀਵਾਲ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲਿਆ ਸੀ। ਈ. ਡੀ. ਦਾ ਕਹਿਣਾ ਹੈ ਕਿ ਵਾਈ. ਐੱਸ. ਆਰ. ਕਾਂਗਰਸ ਦੇ ਸੰਸਦ ਮੈਂਬਰ ਮੰਗਤਾ ਸ੍ਰੀਨਿਵਾਸਲੁ ਰੈੱਡੀ ਤੇ ਕੇਜਰੀਵਾਲ ਵਿਚਕਾਰ ਕਈ ਮੀਟਿੰਗਾਂ ਹੋਈਆਂ। ਸੀ. ਐੱਮ. ਕੇਜਰੀਵਾਲ ਨੇ ਰੈੱਡੀ ਦੇ ਦਿੱਲੀ ਦੇ ਸ਼ਰਾਬ ਕਾਰੋਬਾਰ ’ਚ ਆਉਣ ਦਾ ਸਵਾਗਤ ਕੀਤਾ ਸੀ।

ਪੁੱਛਗਿੱਛ ਦੌਰਾਨ ਬੁਚੀਬਾਬੂ ਤੇ ਦੋਸ਼ੀ ਅਰੁਣ ਪਿੱਲਈ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਆਬਕਾਰੀ ਨੀਤੀ ’ਤੇ ਕੇਜਰੀਵਾਲ ਤੇ ਸਿਸੋਦੀਆ ਨਾਲ ਮਿਲ ਕੇ ਕੰਮ ਕਰ ਰਹੇ ਸਨ।

ਇਸ ਤੋਂ ਇਲਾਵਾ ਮੁਲਜ਼ਮ ਵਿਜੇ ਨਾਇਰ ਨੇ ਕੇਜਰੀਵਾਲ ਤੇ ਗ੍ਰਿਫ਼ਤਾਰ ਮੁਲਜ਼ਮ ਸਮੀਰ ਮਹਿੰਦਰੂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਵੀ ਕੀਤੀ ਸੀ। ਇਸ ਦੌਰਾਨ ਕੇਜਰੀਵਾਲ ਨੇ ਸਮੀਰ ਨੂੰ ਕਿਹਾ ਸੀ ਕਿ ਵਿਜੇ ਉਨ੍ਹਾਂ ਦਾ ਆਦਮੀ ਹੈ ਤੇ ਉਨ੍ਹਾਂ ਨੂੰ ਉਸ ’ਤੇ ਭਰੋਸਾ ਕਰਨਾ ਚਾਹੀਦਾ ਹੈ।

ਸ਼ਰਾਬ ਘੁਟਾਲੇ ’ਚ 3 ਵੱਡੀਆਂ ਗ੍ਰਿਫ਼ਤਾਰੀਆਂ ਪਹਿਲਾਂ ਹੀ ਹੋ ਚੁੱਕੀਆਂ ਹਨ

ਮਨੀਸ਼ ਸਿਸੋਦੀਆ
ਸਿਸੋਦੀਆ 26 ਫਰਵਰੀ, 2022 ਤੋਂ ਜੇਲ ’ਚ ਹਨ। ਦਿੱਲੀ ’ਚ ਜਦੋਂ ਨਵੀਂ ਸ਼ਰਾਬ ਨੀਤੀ ਲਾਗੂ ਹੋਈ ਤਾਂ ਆਬਕਾਰੀ ਵਿਭਾਗ ਸਿਸੋਦੀਆ ਕੋਲ ਸੀ। ਦੋਸ਼ ਹੈ ਕਿ ਆਬਕਾਰੀ ਮੰਤਰੀ ਹੋਣ ਦੇ ਨਾਤੇ ਸਿਸੋਦੀਆ ਨੇ ‘ਮਨਮਾਨੇ’ ਤੇ ‘ਇਕਤਰਫ਼ਾ’ ਫ਼ੈਸਲੇ ਲਏ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਹੋਇਆ ਤੇ ਸ਼ਰਾਬ ਕਾਰੋਬਾਰੀਆਂ ਨੂੰ ਫ਼ਾਇਦਾ ਹੋਇਆ।

ਸੰਜੇ ਸਿੰਘ
ਈ. ਡੀ. ਦੀ ਚਾਰਜਸ਼ੀਟ ਮੁਤਾਬਕ ਦੋਸ਼ੀ ਦਿਨੇਸ਼ ਅਰੋੜਾ ਨੇ ਸੰਜੇ ਸਿੰਘ ਨਾਲ ਮੁਲਾਕਾਤ ਕੀਤੀ ਸੀ। ਸੰਜੇ ਸਿੰਘ ਦੇ ਕਹਿਣ ’ਤੇ ਅਰੋੜਾ ਨੇ ਦਿੱਲੀ ਚੋਣਾਂ ਲਈ ਫੰਡ ਇਕੱਠਾ ਕੀਤਾ ਤੇ ਸਿਸੋਦੀਆ ਨੂੰ 32 ਕਰੋੜ ਰੁਪਏ ਦਾ ਚੈੱਕ ਸੌਂਪਿਆ। ਇਸ ਦੇ ਬਦਲੇ ਸੰਜੇ ਸਿੰਘ ਨੇ ਅਰੋੜਾ ਦਾ ਇਕ ਕੇਸ ਹੱਲ ਕੀਤਾ, ਜੋ ਆਬਕਾਰੀ ਵਿਭਾਗ ਕੋਲ ਪੈਂਡਿੰਗ ਸੀ। ਸੰਜੇ ਸਿੰਘ ਪਿਛਲੇ ਸਾਲ 4 ਅਕਤੂਬਰ ਤੋਂ ਜੇਲ ’ਚ ਹਨ।

ਕੇ. ਕਵਿਤਾ
ਈ. ਡੀ. ਦਾ ਦਾਅਵਾ ਹੈ ਕਿ ‘ਸਾਊਥ ਗਰੁੱਪ’ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਲਈ ਵਿਜੇ ਨਾਇਰ ਤੇ ਹੋਰਾਂ ਨੂੰ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ। ਕਵਿਤਾ ਇਸ ਦੱਖਣੀ ਗਰੁੱਪ ਦਾ ਹਿੱਸਾ ਸੀ। ਇਸ ਸਮੂਹ ’ਚ ਦੱਖਣ ਦੇ ਰਾਜਨੇਤਾ, ਨੌਕਰਸ਼ਾਹ ਤੇ ਕਾਰੋਬਾਰੀ ਸ਼ਾਮਲ ਹਨ। ਈ. ਡੀ. ਅਨੁਸਾਰ ਕੇ. ਕਵਿਤਾ ਨੇ 19-20 ਮਾਰਚ, 2021 ਨੂੰ ਦੋਸ਼ੀ ਵਿਜੇ ਨਾਇਰ ਨਾਲ ਮੁਲਾਕਾਤ ਕੀਤੀ ਸੀ। ਕਵਿਤਾ ਨੂੰ ਈ. ਡੀ. ਨੇ ਇਸ ਸਾਲ 15 ਮਾਰਚ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ।

ਕੀ ਹੈ ਦਿੱਲੀ ਦਾ ਕਥਿਤ ਸ਼ਰਾਬ ਘੁਟਾਲਾ?
17 ਨਵੰਬਰ, 2021 ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਆਬਕਾਰੀ ਨੀਤੀ 2021-22 ਨੂੰ ਲਾਗੂ ਕੀਤਾ। ਨਵੀਂ ਨੀਤੀ ਤਹਿਤ ਸਰਕਾਰ ਸ਼ਰਾਬ ਦੇ ਕਾਰੋਬਾਰ ਤੋਂ ਬਾਹਰ ਆ ਗਈ ਤੇ ਸਾਰੀਆਂ ਦੁਕਾਨਾਂ ਨਿੱਜੀ ਹੱਥਾਂ ’ਚ ਚਲੀਆਂ ਗਈਆਂ।

ਦਿੱਲੀ ਸਰਕਾਰ ਨੇ ਦਾਅਵਾ ਕੀਤਾ ਕਿ ਨਵੀਂ ਸ਼ਰਾਬ ਨੀਤੀ ਮਾਫ਼ੀਆ ਰਾਜ ਨੂੰ ਖ਼ਤਮ ਕਰੇਗੀ ਤੇ ਸਰਕਾਰ ਦੇ ਮਾਲੀਏ ’ਚ ਵਾਧਾ ਕਰੇਗੀ। ਹਾਲਾਂਕਿ ਇਹ ਨੀਤੀ ਸ਼ੁਰੂ ਤੋਂ ਹੀ ਵਿਵਾਦਾਂ ’ਚ ਸੀ ਤੇ ਜਦੋਂ ਵਿਵਾਦ ਵਧਿਆ ਤਾਂ ਸਰਕਾਰ ਨੇ 28 ਜੁਲਾਈ, 2022 ਨੂੰ ਇਸ ਨੂੰ ਰੱਦ ਕਰ ਦਿੱਤਾ।

ਕਥਿਤ ਸ਼ਰਾਬ ਘੁਟਾਲੇ ਦਾ ਖ਼ੁਲਾਸਾ 8 ਜੁਲਾਈ, 2022 ਨੂੰ ਦਿੱਲੀ ਦੇ ਤਤਕਾਲੀ ਮੁੱਖ ਸਕੱਤਰ ਨਰੇਸ਼ ਕੁਮਾਰ ਦੀ ਰਿਪੋਰਟ ਰਾਹੀਂ ਹੋਇਆ ਸੀ।

ਇਸ ਰਿਪੋਰਟ ’ਚ ਉਨ੍ਹਾਂ ਨੇ ਮਨੀਸ਼ ਸਿਸੋਦੀਆ ਸਮੇਤ ਆਮ ਆਦਮੀ ਪਾਰਟੀ ਦੇ ਕਈ ਵੱਡੇ ਨੇਤਾਵਾਂ ’ਤੇ ਗੰਭੀਰ ਦੋਸ਼ ਲਗਾਏ ਸਨ। ਦਿੱਲੀ ਦੇ ਐੱਲ. ਜੀ., ਵੀ. ਕੇ. ਸਕਸੈਨਾ ਨੇ ਸੀ. ਬੀ. ਆਈ. ਜਾਂਚ ਦੀ ਸਿਫਾਰਿਸ਼ ਕੀਤੀ ਸੀ। ਇਸ ਤੋਂ ਬਾਅਦ ਸੀ. ਬੀ. ਆਈ. ਨੇ 17 ਅਗਸਤ, 2022 ਨੂੰ ਕੇਸ ਦਰਜ ਕੀਤਾ ਸੀ। ਪੈਸੇ ਦੀ ਦੁਰਵਰਤੋਂ ਦੇ ਵੀ ਦੋਸ਼ ਸਨ, ਇਸ ਲਈ ਈ. ਡੀ. ਨੇ ਮਨੀ ਲਾਂਡਰਿੰਗ ਦੀ ਜਾਂਚ ਲਈ ਕੇਸ ਵੀ ਦਰਜ ਕੀਤਾ ਸੀ।

ਮੁੱਖ ਸਕੱਤਰ ਨੇ ਆਪਣੀ ਰਿਪੋਰਟ ’ਚ ਮਨੀਸ਼ ਸਿਸੋਦੀਆ ’ਤੇ ਸ਼ਰਾਬ ਨੀਤੀ ਨੂੰ ਗਲਤ ਤਰੀਕੇ ਨਾਲ ਤਿਆਰ ਕਰਨ ਦਾ ਦੋਸ਼ ਲਗਾਇਆ ਸੀ। ਮਨੀਸ਼ ਸਿਸੋਦੀਆ ਕੋਲ ਆਬਕਾਰੀ ਵਿਭਾਗ ਵੀ ਸੀ। ਦੋਸ਼ ਲਾਇਆ ਗਿਆ ਕਿ ਨਵੀਂ ਨੀਤੀ ਰਾਹੀਂ ਲਾਇਸੈਂਸਸ਼ੁਦਾ ਸ਼ਰਾਬ ਕਾਰੋਬਾਰੀਆਂ ਨੂੰ ਨਾਜਾਇਜ਼ ਲਾਭ ਦਿੱਤਾ ਗਿਆ ਹੈ।

ਰਿਪੋਰਟ ’ਚ ਦੋਸ਼ ਲਾਇਆ ਗਿਆ ਹੈ ਕਿ ਕੋਵਿਡ ਦੇ ਬਹਾਨੇ 144.36 ਕਰੋੜ ਰੁਪਏ ਦੀਆਂ ਲਾਇਸੈਂਸ ਫੀਸਾਂ ਮਨਮਾਨੇ ਢੰਗ ਨਾਲ ਮੁਆਫ਼ ਕਰ ਦਿੱਤੀਆਂ ਗਈਆਂ ਸਨ। ਏਅਰਪੋਰਟ ਜ਼ੋਨ ਦੇ ਲਾਇਸੰਸਧਾਰਕਾਂ ਨੂੰ 30 ਕਰੋੜ ਰੁਪਏ ਵੀ ਵਾਪਸ ਕਰ ਦਿੱਤੇ ਗਏ, ਜਦਕਿ ਇਹ ਰਕਮ ਜ਼ਬਤ ਕੀਤੀ ਜਾਣੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News