ਮਹਾਰਾਸ਼ਟਰ ’ਚ ਕੀ ਪਕ ਰਿਹਾ ਹੈ

Tuesday, Aug 20, 2024 - 08:22 PM (IST)

ਨੈਸ਼ਨਲ ਡੈਸਕ- ਭਾਜਪਾ ਵੱਲੋਂ ਇਹ ਐਲਾਨ ਕਰਨ ਤੋਂ ਬਾਅਦ ਵੀ ਕਿ ਅਗਲੀਆਂ ਅਸੈਂਬਲੀ ਚੋਣਾਂ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ, ਨਾ ਸਿਰਫ਼ ਮਹਾਂ ਵਿਕਾਸ ਆਘਾੜੀ (ਐੱਮ. ਵੀ. ਏ.) ਸਗੋਂ ਸੱਤਾਧਾਰੀ ਮਹਾਯੁਤੀ ’ਚ ਵੀ ਉਥਲ-ਪੁਥਲ ਮਚੀ ਹੋਈ ਹੈ।

ਹਾਲਾਂਕਿ ਭਾਜਪਾ ਇਸ ਦੌਰਾਨ ਅਜੀਤ ਪਵਾਰ ਦੀ ਐੱਨ. ਸੀ. ਪੀ. ਨੂੰ ਵੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਲੋਕ ਸਭਾ ਦੀਆਂ ਚੋਣਾਂ ’ਚ ਚੰਗੀ ਕਾਰਗੁਜ਼ਾਰੀ ਵਿਖਾਉਣ ’ਚ ਨਾਕਾਮ ਰਹੇ ਹਨ ।

ਮਹਾਰਾਸ਼ਟਰ ਤੇ ਝਾਰਖੰਡ ’ਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਵੱਖਰੇ ਤੌਰ ’ਤੇ ਕਰਵਾਉਣਾ ਇਕ ਵੱਡੀ ‘ਸਿਆਸੀ ਖੇਡ’ ਦੀ ਯੋਜਨਾ ਦਾ ਹਿੱਸਾ ਹੈ। ਤੁਲਨਾ ’ਚ ਐੱਮ. ਵੀ. ਏ. ਕੁਝ ਬਿਹਤਰ ਹੈ। ਜਦੋਂ ਸ਼ਿਵ ਸੈਨਾ (ਯੂ. ਬੀ. ਟੀ.) ਦੇ ਮੁਖੀ ਊਧਵ ਠਾਕਰੇ ਰਾਸ਼ਟਰੀ ਰਾਜਧਾਨੀ ਦੇ ਤਿੰਨ ਦਿਨਾਂ ਦੌਰੇ ’ਤੇ ਸਨ ਤਾਂ ਉਨ੍ਹਾਂ ਦਾ ਮਿਸ਼ਨ ਮੁੱਖ ਮੰਤਰੀ ਦੇ ਅਹੁਦੇ ਦੇ ਗੁੰਝਲਦਾਰ ਮੁੱਦੇ ’ਤੇ ਸਹਿਯੋਗੀਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨਾ ਸੀ।

ਐੱਨ. ਸੀ. ਪੀ. ਦੇ ਮੁਖੀ ਸ਼ਰਦ ਪਵਾਰ ਨੇ ਸੰਜੇ ਰਾਊਤ ਦੀ ਸਫਦਰਜੰਗ ਮਾਰਗ ਸਥਿਤ ਰਿਹਾਇਸ਼ ’ਤੇ ਊਧਵ ਠਾਕਰੇ ਨਾਲ ਮੁਲਾਕਾਤ ਕਰ ਕੇ ਆਪਣੀ ਪਸੰਦ ਦਾ ਸਪੱਸ਼ਟ ਸੰਕੇਤ ਦਿੱਤਾ, ਜਦਕਿ ਕਾਂਗਰਸ ਲੀਡਰਸ਼ਿਪ ਦਾ ਜਨਤਕ ਰੁਖ ਅਸਪੱਸ਼ਟ ਸੀ। ਉਨ੍ਹਾਂ ਮੁੰਬਈ ਜਾ ਕੇ ਆਪਣਾ ਸਟੈਂਡ ਬਦਲ ਲਿਆ ਤੇ ਕਿਹਾ ਕਿ ਜਿਸ ਪਾਰਟੀ ਨੂੰ ਵਧੇਰੇ ਸੀਟਾਂ ਮਿਲਣਗੀਆਂ, ਉਸ ਦਾ ਆਗੂ ਹੀ ਸੀ. ਐੱਮ. ਬਣ ਸਕਦਾ ਹੈ।

ਊਧਵ ਵਿਧਾਨ ਸਭਾ ’ਚ ਵੱਧ ਤੋਂ ਵੱਧ ਸੀਟਾਂ ਚਾਹੁੰਦੇ ਹਨ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ‘ਮਹਾਯੁਤੀ’ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਚੋਣਾਂ ਲੜ ਰਹੀ ਹੈ। ਜੇ ਇਹੀ ਰਣਨੀਤੀ ਅਪਣਾਈ ਜਾਂਦੀ ਹੈ ਤਾਂ ਇਸ ਨਾਲ ਐੱਮ. ਵੀ. ਏ. ਨੂੰ ਵੀ ਮਦਦ ਮਿਲ ਸਕਦੀ ਹੈ।

ਮਹਾਰਾਸ਼ਟਰ ਕਾਂਗਰਸ ਦੇ ਨੇਤਾਵਾਂ ਨੇ 288 ਮੈਂਬਰੀ ਵਿਧਾਨ ਸਭਾ ’ਚ ਵਧੇਰੇ ਸੀਟਾਂ ’ਤੇ ਦਾਅਵਾ ਪੇਸ਼ ਕੀਤਾ ਹੈ ਕਿਉਂਕਿ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ’ਚ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮਹਾਰਾਸ਼ਟਰ ਲਈ ਆਪਣੀ ਰਣਨੀਤੀ ਨੂੰ ਲੈ ਕੇ ਕਾਫੀ ਸਪੱਸ਼ਟ ਹਨ।

ਉਨ੍ਹਾਂ ਸੰਕੇਤ ਦਿੱਤਾ ਕਿ ਐੱਮ. ਵੀ. ਏ. ਦਾ ਪਹਿਲਾ ਮਿਸ਼ਨ ‘ਮਹਾਯੁਤੀ’ ਗੱਠਜੋੜ ਨੂੰ ਹਰ ਕੀਮਤ ’ਤੇ ਹਰਾਉਣਾ ਹੈ। ਉਹ ਇਸ ਗੱਲ ’ਤੇ ਜ਼ੋਰ ਨਹੀਂ ਦੇ ਰਹੇ ਹਨ ਕਿ ਮੁੱਖ ਮੰਤਰੀ ਸਿਰਫ਼ ਕਾਂਗਰਸ ਦਾ ਹੀ ਹੋਵੇਗਾ।

ਗੈਰ-ਰਸਮੀ ਤੌਰ ’ਤੇ ਊਧਵ ਠਾਕਰੇ ਨੂੰ ਕਿਹਾ ਗਿਆ ਹੈ ਕਿ ਪਾਰਟੀ ਸਿਧਾਂਤਕ ਤੌਰ ’ਤੇ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਕਰੇਗੀ ਪਰ ਉਨ੍ਹਾਂ ਨੂੰ ਸੀ. ਐੱਮ. ਦੇ ਚਿਹਰੇ ਦਾ ਐਲਾਨ ਕਰਨ ਲਈ ਐੱਮ. ਵੀ. ਏ. ਨੂੰ ਕੋਈ ਮਦਦ ਨਹੀਂ ਮਿਲੇਗੀ।

ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਐੱਮ. ਵੀ. ਏ. ਸਾਂਝੀਆਂ ਰੈਲੀਆਂ ਕਰੇਗੀ ਤੇ ਆਪਸੀ ਤਾਲਮੇਲ ਨਾਲ ਕੰਮ ਕਰੇਗੀ। ਜੇ ਇਸ ਨਾਲ ਗੱਠਜੋੜ ਨੂੰ ਲੀਡ ਹਾਸਲ ਕਰਨ ’ਚ ਮਦਦ ਮਿਲਦੀ ਹੈ ਤਾਂ ਊਧਵ ਠਾਕਰੇ ਨੂੰ ਐੱਮ. ਵੀ. ਏ. ਦੇ ਸੀ. ਐੱਮ. ਦਾ ਚਿਹਰਾ ਵੀ ਐਲਾਨਿਆ ਜਾ ਸਕਦਾ ਹੈ।

ਕੁਝ ਸਰਵੇਖਣਾਂ ਅਨੁਸਾਰ ਐੱਮ. ਵੀ. ਏ. 288 ’ਚੋਂ 165 ਤੋਂ 170 ਸੀਟਾਂ ਜਿੱਤ ਸਕਦੀ ਹੈ। ਭਾਈਵਾਲਾਂ ਨੂੰ ਟਿਕਟਾਂ ਦੇਣ ਦਾ ਮੁੱਦਾ ਉਨ੍ਹਾਂ ਦੀ ਜਿੱਤਣ ਦੀ ਯੋਗਤਾ ’ਤੇ ਅਧਾਰਤ ਹੋਵੇਗਾ।


Rakesh

Content Editor

Related News