ਪੱਛਮੀ ਬੰਗਾਲ : ਵੋਟਿੰਗ ਤੋਂ ਪਹਿਲਾਂ ਮਿਲੀ ਭਾਜਪਾ ਵਰਕਰ ਦੀ ਲਾਸ਼, 2 ਹੋਰ ਨੂੰ ਮਾਰੀ ਗੋਲੀ
Sunday, May 12, 2019 - 09:30 AM (IST)

ਝਾਰਗ੍ਰਾਮ— ਪੱਛਮੀ ਬੰਗਾਲ 'ਚ ਚੋਣਾਂ ਦੌਰਾਨ ਹਿੰਸਾ ਦੀ ਘਟਨਾ ਹਮੇਸ਼ਾ ਸੁਣਨ ਨੂੰ ਮਿਲਦੀ ਹੈ। ਇੱਥੇ ਲੋਕ ਸਭਾ ਚੋਣਾਂ ਦੇ ਹਰ ਗੇੜ ਨਾਲ ਹਿੰਸਾ ਦਾ ਦੌਰ ਵੀ ਸਿਖਰ 'ਤੇ ਹੈ। ਐਤਵਾਰ ਨੂੰ ਹੋ ਰਹੀ 6ਵੇਂ ਗੇੜ ਦੀ ਵੋਟਿੰਗ 'ਚ ਵੀ ਇਕ ਭਾਜਪਾ ਵਰਕਰ ਦਾ ਕਤਲ ਹੋ ਗਿਆ, ਜਦੋਂ ਕਿ ਦੇਰ ਰਾਤ 2 ਹੋਰ ਨੂੰ ਗੋਲੀ ਮਾਰ ਦਿੱਤੀ ਗਈ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੱਛਮੀ ਬੰਗਾਲ ਦੇ ਝਾਰਗ੍ਰਾਮ 'ਚ ਐਤਵਾਰ ਨੂੰ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਬੂਥ ਵਰਕਰ ਦੀ ਲਾਸ਼ ਮਿਲੀ। ਮ੍ਰਿਤਕ ਦਾ ਨਾਂ ਰਾਮੇਨ ਸਿੰਘ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪੂਰਬੀ ਮੋਦਿਨੀਪੁਰ ਦੇ ਭਗਵਾਨਪੁਰ 'ਚ ਪਿਛਲੀ ਰਾਤ ਭਾਜਪਾ ਦੇ 2 ਵਰਕਰਾਂ ਨੂੰ ਗੋਲੀ ਮਾਰ ਦਿੱਤੀ ਗਈ, ਜਿਨ੍ਹਾਂ ਦੀ ਪਛਾਣ ਰਣਜੀਤ ਮੈਤੀ ਅਤੇ ਅਨੰਤ ਗੁਚੈਤ ਦੇ ਤੌਰ 'ਤੇ ਕੀਤੀ ਗਈ ਹੈ। ਦੋਹਾਂ ਦਾ ਇਲਾਜ ਚੱਲ ਰਿਹਾ ਹੈ।
ਝਾਰਗ੍ਰਾਮ 'ਚ ਵਰਕਰ ਦੇ ਕਤਲ ਦਾ ਦੋਸ਼ ਭਾਜਪਾ ਨੇ ਤ੍ਰਿਣਮੂਲ 'ਤੇ ਲਗਾਇਆ ਹੈ। ਭਾਜਪਾ ਅਨੁਸਾਰ ਰਾਮੇਨ ਦਾ ਕਤਲ ਟੀ.ਐੱਮ.ਸੀ. ਵਰਕਰਾਂ ਨੇ ਕੀਤਾ ਹੈ। ਹਾਲਾਂਕਿ ਸਥਾਨਕ ਪੁਲਸ ਨੇ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਦੱਸਿਆ ਕਿ ਰਾਮੇਨ ਸਿੰਘ ਪਹਿਲਾਂ ਤੋਂ ਹੀ ਬੀਮਾਰ ਸਨ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱੱਤੀ ਗਈ ਹੈ।
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਅਜੇ ਤੱਕ ਹਰ ਗੇੜ 'ਚ ਬੰਗਾਲ ਤੋਂ ਹਿੰਸਾ ਦੀਆਂ ਖਬਰਾਂ ਆਈਆਂ ਹਨ। ਫਿਰ ਭਾਵੇਂ ਉਹ ਵਰਕਰਾਂ ਦਰਮਿਆਨ ਹੱਥੋਪਾਈ ਹੋਵੇ ਜਾਂ ਫਿਰ ਪੋਲਿੰਗ ਬੂਥ 'ਤੇ ਹੀ ਦੇਸੀ ਬੰਬ ਨਾਲ ਹਮਲਾ ਕੀਤਾ ਜਾਣਾ ਹੋਵੇ। ਪੱਛਮੀ ਬੰਗਾਲ 'ਚ ਪਿਛਲੇ 5 ਗੇੜਾਂ ਦੌਰਾਨ ਹਿੰਸਾ ਲਗਾਤਾਰ ਵਧਦੀ ਗਈ ਹੈ ਪਰ ਹਰ ਵਾਰ ਵੋਟਿੰਗ ਦਾ ਫੀਸਦੀ ਵੀ ਜ਼ਿਆਦਾ ਹੀ ਰਿਹਾ ਹੈ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ 6ਵੇਂ ਗੇੜ 'ਚ ਪੱਛਮੀ ਬੰਗਾਲ ਦੀਆਂ 8 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇੱਥੇ ਦੀ ਤਾਮਲੁਕ, ਕਾਂਤੀ, ਘਾਟਲ, ਝਾਰਗ੍ਰਾਮ, ਮੇਦਿਨੀਪੁਰ, ਪੁਰੂਲੀਆ, ਬਾਂਕੁਰਾ, ਵਿਸ਼ਨੂੰਪੁਰ ਸੀਟਾਂ 'ਤੇ ਵੋਟਿੰਗ ਜਾਰੀ ਹੈ।